ਫਰੀਦਕੋਟ: ਬਾਲੀਵੁੱਡ ਦੇ ਦਿਗਜ਼ ਅਦਾਕਾਰ ਅਜੇ ਦੇਵਗਨ ਇੱਕ ਵਾਰ ਫਿਰ ਅਪਣੀ ਸ਼ਾਨਦਾਰ ਅਦਾਕਾਰੀ ਦਾ ਲੋਹਾ ਮੰਨਵਾਉਣ ਲਈ ਤਿਆਰ ਹਨ। ਉਨ੍ਹਾਂ ਵੱਲੋ ਅਪਣੀ ਨਵੀਂ ਅਤੇ ਬਹੁ-ਚਰਚਿਤ ਹਿੰਦੀ ਫ਼ਿਲਮ 'ਮੈਦਾਨ' ਦੀ ਪਹਿਲੀ ਝਲਕ ਜਾਰੀ ਕਰ ਦਿੱਤੀ ਗਈ ਹੈ। ਇਹ ਫਿਲਮ ਅਪ੍ਰੈਲ ਮਹੀਨੇ ਅਤੇ ਈਦ ਦੇ ਤਿੳਹਾਰ ਮੌਕੇ ਦੇਸ਼-ਵਿਦੇਸ਼ ਦੇ ਸਿਨੇਮਾਂ ਘਰਾਂ 'ਚ ਰਿਲੀਜ਼ ਕੀਤੀ ਜਾਵੇਗੀ।
ਜੀ ਸਟੂਡੀਓਜ ਅਤੇ ਬੌਨੀ ਕਪੂਰ ਵੱਲੋ ਪ੍ਰਸਤੁਤ ਕੀਤੀ ਜਾ ਰਹੀ ਅਤੇ ਫਰੈਸ਼ਲਾਈਮ ਫ਼ਿਲਮਜ ਦੇ ਸੁਯੰਕਤ ਨਿਰਮਾਣ ਅਧੀਨ ਬਣਾਈ ਗਈ ਇਸ ਫ਼ਿਲਮ ਦੇ ਨਿਰਮਾਤਾ ਜੀ ਸਟੂਡੀਓਜ, ਬੋਨੀ ਕਪੂਰ, ਅਰੁਨਵਾ ਜੁਆਏ ਸੇਨ ਗੁਪਤਾ ਅਤੇ ਅਕਾਸ਼ ਚਾਵਲਾ ਹਨ, ਜਦਕਿ ਨਿਰਦੇਸ਼ਨ ਅਮਿਤ ਰਵਿੰਦਰਨਾਥ ਸ਼ਰਮਾਂ ਵੱਲੋ ਕੀਤਾ ਗਿਆ ਹੈ। ਇਸ ਫ਼ਿਲਮ ਦੇ ਮਿਊਜ਼ਿਕ ਕੰਪੋਜਰ ਏ ਆਰ ਰਹਿਮਾਨ, ਗੀਤਕਾਰ ਮਨੋਜ ਮੁਨਤਸਿਰ ਹਨ।
ਸਾਲ 1952 ਅਤੇ 1962 ਦੇ ਸਮੇਂ ਦੇ ਭਾਰਤੀ ਫੁੱਟਬਾਲ ਦੇ ਸੁਨਹਿਰੇ ਦੌਰ 'ਤੇ ਆਧਾਰਿਤ ਇਸ ਫ਼ਿਲਮ ਵਿੱਚ ਅਜੇ ਦੇਵਗਨ ਫੁੱਟਬਾਲ ਮੈਚਾਂ ਵਿੱਚ ਅਪਣਾ ਹੁਨਰ ਦਿਖਾ ਚੁੱਕੇ ਕੋਚ ਸਈਦ ਅਬਦੁਲ ਰਹੀਮ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਫਿਲਮ ਨੂੰ ਅਸਲੀ ਦਿਖਾਉਣ ਲਈ ਉਨ੍ਹਾਂ ਵੱਲੋ ਕਾਫ਼ੀ ਮਿਹਨਤ ਅਤੇ ਲੰਬੀ ਟ੍ਰੇਨਿੰਗ ਕੀਤੀ ਗਈ ਹੈ। ਲੰਬੇ ਸਮੇਂ ਤੋਂ ਇਸ ਫਿਲਮ ਦਾ ਲੋਕ ਇੰਤਜ਼ਾਰ ਕਰ ਰਹੇ ਸੀ।