ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਮੁੰਡਾ ਰੌਕਸਟਾਰ' ਦਾ ਪ੍ਰਭਾਵੀ ਹਿੱਸਾ ਰਹੀ ਅਦਾਕਾਰਾ ਅਦਿਤੀ ਆਰਿਆ ਅੱਜਕੱਲ੍ਹ ਪਾਲੀਵੁੱਡ ਦੀਆਂ ਚਰਚਿਤ ਅਦਾਕਾਰਾਂ ਵਿੱਚ ਆਪਣਾ ਸ਼ੁਮਾਰ ਕਰਵਾ ਰਹੀ ਹੈ, ਜਿੰਨ੍ਹਾਂ ਨੂੰ ਆਨ ਫਲੌਰ ਪੜਾਅ ਦਾ ਹਿੱਸਾ ਬਣ ਚੁੱਕੀ ਇੱਕ ਹੋਰ ਵੱਡੀ ਅਤੇ ਬਹੁ-ਚਰਚਿਤ ਸੀਕਵਲ ਫਿਲਮ ਵਿੱਚ ਪ੍ਰਮੁੱਖ ਭੂਮਿਕਾ ਲਈ ਚੁਣਿਆ ਗਿਆ ਹੈ, ਜਿਸ ਵਿੱਚ ਦੇਵ ਖਰੌੜ ਸੰਗ ਲੀਡ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ ਇਹ ਬਿਹਤਰੀਨ ਅਦਾਕਾਰਾ।
'ਡਰੀਮ ਰਿਐਲਟੀ ਮੂਵੀਜ਼' ਅਤੇ 'ਰਵਨੀਤ ਚਾਹਲ' ਵੱਲੋਂ ਨਿਰਮਿਤ ਕੀਤੀ ਜਾ ਰਹੀ ਉਕਤ ਫਿਲਮ 'ਡਾਕੂਆਂ ਦਾ ਮੁੰਡਾ' ਸੀਕਵਲ ਸੀਰੀਜ਼ ਦੇ ਅਗਲੇ ਭਾਗ ਵਜੋਂ ਸਾਹਮਣੇ ਲਿਆਂਦੀ ਜਾ ਰਹੀ ਹੈ, ਜਿਸ ਦੇ ਟਾਈਟਲ ਦਾ ਚਾਹੇ ਫਿਲਹਾਲ ਖੁਲਾਸਾ ਨਹੀਂ ਕੀਤਾ ਪਰ ਅਦਾਕਾਰ ਦੇਵ ਖਰੌੜ ਵੱਲੋਂ ਇਸ ਸੰਬੰਧੀ ਸਰਸਰੀ ਜਿਹਾ ਇਸ਼ਾਰਾ ਆਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਜ਼ਰੂਰ ਕਰ ਦਿੱਤਾ ਗਿਆ ਹੈ ਕਿ ਇਹ ਫਿਲਮ 'ਡਾਕੂਆਂ ਦਾ ਮੁੰਡਾ 3' ਹੀ ਹੈ।
ਪੰਜਾਬੀ ਸਿਨੇਮਾ ਦੀ ਬਿੱਗ ਸੈਟਅੱਪ ਅਤੇ ਬੇਸਬਰੀ ਨਾਲ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਉਣ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਮਨਦੀਪ ਬੈਨੀਪਾਲ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ 'ਦੇਸੀ ਮੁੰਡੇ', 'ਏਕਮ', 'ਸਾਡਾ ਹੱਕ', 'ਯੋਧਾ', 'ਡੀਐਸਪੀ ਦੇਵ', 'ਕਾਕਾ ਜੀ', 'ਡਾਕੂਆਂ ਦਾ ਮੁੰਡਾ', 'ਡਾਕੂਆਂ ਦਾ ਮੁੰਡਾ 2', 'ਯਾਰਾਂ ਦਾ ਰੁਤਬਾ' ਆਦਿ ਜਿਹੀਆਂ ਕਈ ਸ਼ਾਨਦਾਰ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਓਧਰ ਜੇਕਰ ਅਦਾਕਾਰਾ ਅਦਿਤੀ ਆਰਿਆ ਦੇ ਇਸ ਫਿਲਮ ਨਾਲ ਹੋਏ ਜੁੜਾਵ ਸੰਬੰਧੀ ਗੱਲ ਕੀਤੀ ਜਾਵੇ ਤਾਂ ਉਹ ਇਸ ਐਕਸ਼ਨ ਫਿਲਮ ਵਿੱਚ ਦੇਵ ਖਰੌੜ ਦੇ ਨਾਲ ਲੀਡ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ, ਜਿੰਨਾਂ ਵੱਲੋਂ ਆਪਣੇ ਹਿੱਸੇ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਸੰਬੰਧੀ ਹੀ ਆਪਣੀ ਖੁਸ਼ੀ ਅਤੇ ਖਾਸੇ ਉਤਸ਼ਾਹ ਦਾ ਪ੍ਰਗਟਾਵਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਵੀ ਸਾਂਝਾ ਕੀਤਾ ਹੈ।
ਪਾਲੀਵੁੱਡ ਵਿੱਚ ਬਹੁਤ ਹੀ ਥੋੜੇ ਜਿਹੇ ਸਮੇਂ ਦੌਰਾਨ ਹੀ ਆਪਣੀ ਪਹਿਚਾਣ ਦਾਇਰੇ ਨੂੰ ਬਹੁ ਵਿਸਥਾਰ ਦੇਣ ਵਿੱਚ ਸਫਲ ਰਹੀ ਹੈ ਇਹ ਹੋਣਹਾਰ ਅਤੇ ਖੂਬਸੂਰਤ ਅਦਾਕਾਰਾ, ਜਿਸ ਵੱਲੋਂ ਹੁਣ ਤੱਕ ਦੇ ਸਫ਼ਰ ਦੌਰਾਨ ਕੀਤੀਆਂ ਫਿਲਮਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ ਤਰਸੇਮ ਜੱਸੜ੍ਹ, ਰਣਜੀਤ ਬਾਵਾ ਸਟਾਰਰ 'ਖਾਓ ਪਿਓ ਐਸ਼ ਕਰੋ' ਤੋਂ ਇਲਾਵਾ ਅਦਾਕਾਰ ਸ਼ਰਹਾਨ ਸਿੰਘ ਦੁਆਰਾ ਨਿਰਦੇਸ਼ਿਤ 'ਆਪੇ ਪੈਣ ਸਿਆਪੇ' ਆਦਿ ਸ਼ੁਮਾਰ ਰਹੀਆਂ ਹਨ।