ਅੰਮ੍ਰਿਤਸਰ: ਦੋ ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਸਬੰਧੀ ਲਏ ਗਏ ਫੈਸਲੇ ਨੂੰ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਾ ਮੰਨਣ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਫਟਕਾਰ ਲਗਾਈ ਸੀ। ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਲਗਾਈ ਗਈ ਫਟਕਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਦ ਜਥੇਦਾਰ ਨੂੰ ਮਿਲਣ ਲਈ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚਿਆ ਹੈ। ਇਸ ਵਫਦ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ, ਪਰਮਜੀਤ ਸਿੰਘ ਸਰਨਾ, ਹੀਰਾ ਸਿੰਘ ਗਾਬੜੀਆ, ਗੁਲਜਾਰ ਸਿੰਘ ਰਣੀਕੇ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਸ਼੍ਰੋਮਣੀ ਕਮੇਟੀ ਮੈਂਬਰ ਰਾਮ ਸਿੰਘ ਅਤੇ ਅੰਤਰਿੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਤੁਗਲਵਾਲ ਸ਼ਾਮਿਲ ਹਨ। ਵਫਦ ਵੱਲੋਂ ਜਥੇਦਾਰ ਨੂੰ ਦੇਣ ਲਈ ਕਾਗਜ਼ ਪੱਤਰ ਵੀ ਤਿਆਰ ਕਰਕੇ ਲਿਆਂਦੇ ਗਏ ਸਨ।
ਅਕਾਲੀ ਦਲ ਦੇ ਨੇਤਾਵਾਂ ਦੇ ਅਸਤੀਫੇ ਦੀ ਮੰਗ
ਸ਼੍ਰੋਮਣੀ ਅਕਾਲੀ ਦਲ ਬਾਗੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚੱਲ ਰਹੀ ਖਿੱਚੋਤਾਣ ਲਗਾਤਾਰ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪਹੁੰਚ ਕੇ ਵੀ ਰੁਕਦੀ ਹੋਈ ਨਜ਼ਰ ਨਹੀਂ ਆ ਰਹੀ ਹੈ ਕਿਉਂਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਗੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦੇ ਅਸਤੀਫੇ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ। ਉੱਥੇ ਹੀ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਕੇ ਬਾਰ-ਬਾਰ ਅਸਤੀਫੇ ਪ੍ਰਵਾਨ ਨਾ ਕਰਨ ਨੂੰ ਲੈ ਕੇ ਗੁਜਰਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਤਿੰਨ ਦਿਨ ਦੇ ਅੰਦਰ-ਅੰਦਰ ਹੀ ਅਸਤੀਫ਼ੇ ਪ੍ਰਵਾਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ ਲਈ ਕਿਹਾ ਗਿਆ ਸੀ ਪਰ ਹੁਣ 8 ਤਰੀਕ ਹੋਣ ਦੇ ਬਾਵਜੂਦ ਵੀ ਕੋਈ ਵੀ ਅਸਤੀਫਾ ਪ੍ਰਵਾਨ ਨਹੀਂ ਹੋ ਸਕਿਆ। ਜਿਸ ਨੂੰ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਬੀਤੇ ਦਿਨੀ ਤਿੱਖੀ ਪ੍ਰਤਿਕਿਰਿਆ ਦਿੱਤੀ ਗਈ ਸੀ ਅਤੇ ਉਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬਾਗੀ ਅਕਾਲੀਆਂ ਵੱਲੋਂ ਪਹੁੰਚ ਕੇ ਇੱਕ ਵਾਰ ਫਿਰ ਤੋਂ ਅਸਤੀਫੇ ਪ੍ਰਵਾਨ ਕਰਨ ਦੀ ਗੱਲ ਕੀਤੀ ਗਈ ਸੀ।
ਜਲਦ ਹੋਣਗੇ ਅਸਤੀਫੇ ਪ੍ਰਵਾਨ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਕਾਲੀ ਦਲ ਦੇ ਨੇਤਾ ਦਲਜੀਤ ਚੀਮਾ ਨੇ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਮੁਲਾਕਾਤ ਕੀਤੀ ਗਈ ਹੈ। ਜਿਸ ਵਿੱਚ ਉਨ੍ਹਾਂ ਨੇ ਜੱਥੇਦਾਰ ਨੂੰ ਕਾਨੂੰਨੀ ਪੱਖਾਂ ਤੋਂ ਵੀ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਪਹਿਲਾਂ ਤੋਂ ਹੀ ਭੇਜ ਚੁੱਕੇ ਹਨ ਅਤੇ ਹਾਲੇ ਤੱਕ ਉਹ ਅਸਤੀਫਾ ਪ੍ਰਵਾਨ ਨਹੀਂ ਹੋਇਆ ਅਤੇ ਜਲਦ ਹੀ ਹੁਣ ਵਰਕਿੰਗ ਕਮੇਟੀ ਇੱਕ ਦੋ ਦਿਨ ਦੇ ਵਿੱਚ ਮੀਟਿੰਗ ਕਰਕੇ ਅਸਤੀਫੇ ਪ੍ਰਵਾਨ ਕਰ ਲਵੇਗੀ।
ਨਵੀਂ ਪੰਥਕ ਪਾਰਟੀ ਦਾ ਐਲਾਨ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵਿੱਚ ਨਵੀਂ ਮੈਂਬਰਸ਼ਿਪ ਅਤੇ ਪੁਨਰਗਠਨ ਨੂੰ ਲੈ ਕੇ ਪਾਰਟੀ ਸਵਿਧਾਨ ਅਨੁਸਾਰ ਹੀ ਕੰਮ ਕਰ ਸਕਦੀ ਹੈ ਅਤੇ ਉਸ ਸਬੰਧੀ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਜਾਣਕਾਰੀ ਦਿੱਤੀ ਗਈ ਹੈ। ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ 14 ਜਨਵਰੀ ਨੂੰ ਮਾਘੀ ਦੇ ਮੇਲੇ ਦੇ ਉੱਤੇ ਇੱਕ ਧਿਰ ਵੱਲੋਂ ਆਪਣੀ ਨਵੀਂ ਪੰਥਕ ਪਾਰਟੀ ਐਲਾਨੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਲੈਕਸ਼ਨ ਕਮਿਸ਼ਨ ਅਨੁਸਾਰ ਦਿੱਤੀਆਂ ਸ਼ਰਤਾਂ ਮੰਨਦੇ ਹੋਈ ਪਾਰਟੀ ਬਣਾਈ ਜਾ ਰਹੀ ਹੈ ਤਾਂ ਇਸ ਸਬੰਧੀ ਜਾਣਕਾਰੀ ਜਨਤਕ ਜ਼ਰੂਰ ਕੀਤੀ ਜਾਵੇ।
'ਚੰਡੀਗੜ੍ਹ ਹਰਿਆਣੇ ਨੂੰ ਜਿਆਦਾ ਪਹਿਲ ਦੇ ਰਹੀ ਹੈ'
ਅੱਗੇ ਬੋਲਦੇ ਹੋਏ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਅਤੇ ਸਲਾਹਕਾਰ ਦੇ ਅਹੁਦੇ ਨੂੰ ਖਤਮ ਕਰਕੇ ਉਸ ਦੀ ਥਾਂ ਮੁੱਖ ਸਕੱਤਰ ਲਗਾਉਣਾ ਕੇਂਦਰ ਸਰਕਾਰ ਦਾ ਇਹ ਫੈਸਲਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ''ਇਸ ਵਿਕਾਸ ਨਾਲ ਭਾਰਤ ਸਰਕਾਰ ਚੰਡੀਗੜ੍ਹ ਨੂੰ ਅਸਥਾਈ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਸਥਾਈ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਹ ਤਾਨਾਸ਼ਾਹੀ ਅਤੇ ਗੈਰ ਜਮਹੂਰੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਚੰਡੀਗੜ੍ਹ ਹਰਿਆਣੇ ਨੂੰ ਜ਼ਿਆਦਾ ਪਹਿਲ ਦੇ ਰਹੀ ਹੈ ਅਤੇ ਪੰਜਾਬ ਦੇ ਹੱਕ ਖੋਣ ਦੀ ਕੋਸ਼ਿਸ਼ ਕਰ ਰਹੀ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਿੱਚ ਪੰਜਾਬ ਸਰਕਾਰ ਵੀ ਚੁੱਪੀਧਾਰੀ ਬੈਠੀ ਹੈ। ਜਿਸ ਦੀ ਕਿ ਅਸੀਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਅਤੇ ਜ਼ੋਰਦਾਰ ਮੰਗ ਕਰਦੇ ਹਾਂ ਕਿ ਭਾਰਤ ਸਰਕਾਰ ਬਿਨਾਂ ਦੇਰੀ ਤੋਂ ਆਪਣਾ ਇਹ ਫੈਸਲਾ ਵਾਪਸ ਲਵੇ।''
ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਜੋ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਗ੍ਰੰਥੀ ਸਿੰਘਾਂ ਨੂੰ ਪੈਸੇ ਦੇਣ ਦਾ ਲਾਲਚ ਦਿੱਤਾ ਜਾ ਰਿਹਾ ਹੈ। ਕੋਈ ਵੀ ਗੁਰੂ ਘਰ ਦਾ ਗ੍ਰੰਥੀ ਸਿੰਘ ਜਾਂ ਰਾਗੀ ਸਿੰਘ ਆਮ ਆਦਮੀ ਪਾਰਟੀ ਵੱਲੋਂ ਦਿੱਤੇ ਇਹ ਪੈਸੇ ਪ੍ਰਵਾਨ ਨਹੀਂ ਕਰੇਗਾ। ਜੇਕਰ ਉਹ ਅਜਿਹਾ ਕਰਦਾ ਹੈ ਤਾਂ ਉਹ ਗੁਰੂ ਘਰ ਦਾ ਗ੍ਰੰਥੀ ਸਿੰਘ ਜਾਂ ਰਾਗੀ ਸਿੰਘ ਨਹੀਂ ਹੋਵੇਗਾ।