ਚੰਡੀਗੜ੍ਹ:ਪੰਜਾਬੀ ਦੇ ਨਾਲ ਹਿੰਦੀ ਸਿਨੇਮਾ ਖੇਤਰ ਵਿੱਚ ਵੀ ਆਪਣੀ ਬਹੁ-ਪੱਖੀ ਅਦਾਕਾਰੀ ਸਮਰੱਥਾ ਦਾ ਲੋਹਾ ਮਨਵਾਉਣ 'ਚ ਸਫਲ ਰਹੀ ਹੈ ਅਦਾਕਾਰਾ ਸੋਨੀਆ ਮਾਨ, ਜੋ ਇੱਕ ਵਾਰ ਫਿਰ ਸ਼ਾਨਦਾਰ ਕਮਬੈਕ ਕਰਨ ਲਈ ਤਿਆਰ ਹੈ, ਜਿੰਨ੍ਹਾਂ ਦੀ ਇਸ ਇੱਕ ਹੋਰ ਪ੍ਰਭਾਵੀ ਫਿਲਮੀ ਪਾਰੀ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਉਨ੍ਹਾਂ ਦੀ ਨਵੀਂ ਪੰਜਾਬੀ ਫਿਲਮ 'ਕਾਂਸਟੇਬਲ ਹਰਜੀਤ ਕੌਰ', ਜਿਸ ਵਿੱਚ ਕਾਫ਼ੀ ਚੁਣੌਤੀਪੂਰਨ ਕਿਰਦਾਰ ਵਿੱਚ ਨਜ਼ਰ ਆਵੇਗੀ ਇਹ ਪ੍ਰਤਿਭਾਵਾਨ ਅਦਾਕਾਰਾ।
'ਕੇਬਲਵਨ' ਅਤੇ 'ਸਾਗਾ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਸ਼ਾਲੀਮਾਰ ਪ੍ਰੋਡੋਕਸ਼ਨ ਪ੍ਰਾਈ. ਲਿਮਿ:' ਦੀ ਐਸੋਸੀਏਸ਼ਨ ਅਧੀਨ ਬਣਾਈ ਗਈ ਇਸ ਫਿਲਮ ਦਾ ਨਿਰਮਾਣ ਸੁਮਿਤ ਸਿੰਘ ਅਤੇ ਤ੍ਰਿਲੋਕ ਕੋਠਾਰੀ ਕਰ ਰਹੇ ਹਨ, ਜਦਕਿ ਇਸ ਦੀ ਨਿਰਦੇਸ਼ਨ ਕਮਾਂਡ ਸਿਮਰਨਜੀਤ ਸਿੰਘ ਹੁੰਦਲ ਸੰਭਾਲ ਰਹੇ ਹਨ, ਜੋ ਪੰਜਾਬੀ ਸਿਨੇਮਾ ਦੇ ਮੋਹਰੀ ਕਤਾਰ ਅਤੇ ਬਿਹਤਰੀਨ ਫਿਲਮਕਾਰ ਵਜੋਂ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਵਿੱਚ ਸਫ਼ਲ ਰਹੇ ਹਨ।
ਸਮਾਜਿਕ ਸਰੋਕਾਰਾਂ ਅਤੇ ਭਖ਼ਦੇ ਮੁੱਦਿਆਂ ਨਾਲ ਜੁੜੀ ਅਤੇ ਸੱਚੀ ਕਹਾਣੀ ਅਧਾਰਿਤ ਇਸ ਫਿਲਮ ਵਿੱਚ ਲੀਡ ਅਤੇ ਟਾਈਟਲ ਭੂਮਿਕਾ ਵਿੱਚ ਨਜ਼ਰ ਆਵੇਗੀ ਅਦਾਕਾਰਾ ਸੋਨੀਆ ਮਾਨ, ਜਿਸ ਤੋਂ ਇਲਾਵਾ ਅਦਾਕਾਰ ਗੁਰਪ੍ਰੀਤ ਰਟੌਲ, ਜਸਵੰਤ ਸਿੰਘ ਰਾਠੌਰ ਅਤੇ ਪਾਲੀਵੁੱਡ ਦੇ ਕਈ ਹੋਰ ਨਾਮਵਰ ਕਲਾਕਾਰ ਵੀ ਮਹੱਤਵਪੂਰਨ ਰੋਲ ਅਦਾ ਕਰ ਰਹੇ ਹਨ।