ਅੰਮ੍ਰਿਤਸਰ:- ਪੂਰੇ ਦੇਸ਼ 'ਚ ਗਣਤੰਤਰ ਦਿਹਾੜਾ ਮਨਾਇਆ ਜਾ ਰਿਹਾ ਹੈ। ਹਰ ਕਿਸੇ ਵੱਲੋਂ ਆਪਣੇ-ਆਪਣੇ ਤਰੀਕੇ ਨਾਲ ਮੁਬਾਰਕਬਾਦ ਦਿੱਤੀ ਜਾ ਰਹੀ ਹੈ। ਉੱਥੇ ਹੀ ਇਸ ਖ਼ਾਸ ਦਿਨ ਮੌਕੇ ਪੰਜਾਬੀ ਦੇ ਮਕਬੂਲ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ, ਸਿੰਮੀ ਚਾਹਲ ਨੇ ਵੀ ਆਪਣੀ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਉਹਨਾਂ ਨੇ ਅਟਾਰੀ ਵਾਹਗਾ ਸਰਹੱਦ 'ਤੇ ਰਿਟਰੀਟ ਸੈਰੇਮਨੀ 'ਚ ਹਿੱਸਾ ਲਿਆ।
ਦਰਸ਼ਕਾਂ ਦੀ ਪੰਸਦ ਦੇ ਗੀਤ ਗਾਏ
ਕਾਬਲੇਜ਼ਿਕਰ ਹੈ ਕਿ ਜਿਵੇਂ ਹੀ ਸਰਤਾਜ ਅਤੇ ਸਿੰਮੀ ਦੀ ਰਿਟਰੀਟ ਸੈਰੇਮਨੀ 'ਚ ਪਹੁੰਚੇ ਤਾਂ ਮੌਕੇ 'ਤੇ ਮੌਜੂਦ ਦਰਸ਼ਕਾਂ ਨੇ ਜ਼ੋਰਦਾਰ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਜਿੱਥੇ ਸਰਤਾਜ ਨੇ ਆਪਣੇ ਫੈਨਜ਼ ਦੇ ਪਸੰਦੀਦਾ ਗੀਤ ਗਏ ਉੱਥੇ ਹੀ ਸਿੰਮੀ ਨੇ ਉਨਹਾਂ ਦਾ ਖੂਬ ਸਾਥ ਦਿੱਤਾ। ਸਰਤਾਜ ਨੇ ਆਪਣੇ ਸੁਰਾਂ ਦੇ ਨਾਲ ਲੋਕਾਂ ਨੂੰ ਝੂੰਮਣ ਲਾ ਦਿੱਤਾ। ਦਰਸ਼ਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਇਸ ਮੌਕੇ ਵੱਖ-ਵੱਖ ਝਾਕੀਆਂ ਵੀ ਦਰਸ਼ਕਾਂ ਸਾਹਮਣੇ ਪੇਸ਼ ਕੀਤੀਆਂ ਗਈਆਂ।
ਗਣਤੰਤਰ ਦਿਹਾੜੇ ਦੀ ਧੂਮ
ਤੁਹਾਨੂੰ ਦੱਸ ਦਈਏ ਕਿ ਅੱਜ ਪੂਰੇ ਦੇਸ਼ 'ਚ ਬਹੁਤ ਹੀ ਉਤਸ਼ਾਹ ਨਾਲ ਗਣਤੰਤਰ ਦਿਹਾੜਾ ਮਨਾਇਆ ਗਿਆ। ਵੈਸੇ ਤਾਂ ਅਟਾਰੀ ਵਾਹਗਾ ਸਰਹੱਦ 'ਤੇ ਰੋਜ਼ ਹੀ ਵੱਡੀ ਗਿਣਤੀ 'ਚ ਲੋਕ ਪਹੁੰਚਦੇ ਨੇ ਪਰ ਅੱਜ ਦਾ ਨਜ਼ਾਰਾ ਬੇਹੱਦ ਮਨਮੋਹਣਾ ਸੀ। ਸਰਤਾਜ ਅਤੇ ਸਿੰਮੀ ਨੇ ਬੀਐਸਐਫ਼ ਦੇ ਜਵਾਨਾਂ ਨੂੰ ਵੀ ਝੂੰਮਣ ਲਾ ਦਿੱਤਾ। ਇਸ ਮੌਕੇ ਹਰ ਕਿਸੇ 'ਚ ਇੱਕ ਵੱਖਰਾ ਹੀ ਉਤਸ਼ਾਹ ਵੇਖਣ ਮਿਲਿਆ। ਦੂਜੇ ਪਾਸੇ ਬੀਐਸਐਫ ਦੇ ਅਧਿਕਾਰੀ ਵੱਲੋਂ ਆਪਣੀਆਂ ਉਪਲਬਧੀਆਂ ਗਿਣਵਾਈਆਂ ਗਈਆਂ ਅਤੇ ਦੁਸ਼ਮਣਾਂ ਨੂੰ ਚਿਤਾਵਨੀ ਵੀ ਦਿੱਤੀ ਕਿ ਬਾਰਡਰ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗਲਤ ਹਰਕਤ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।