ਫਰੀਦਕੋਟ: ਸਾਲ 2015 ਵਿੱਚ ਰਿਲੀਜ਼ ਹੋਈ ਧਰਮਿੰਦਰ, ਗਿੱਪੀ ਗਰੇਵਾਲ ਸਟਾਰਰ ਅਤੇ ਸਮੀਪ ਕੰਗ ਦੁਆਰਾ ਨਿਰਦੇਸ਼ਿਤ ਕੀਤੀ ਕਾਮੇਡੀ ਫ਼ਿਲਮ 'ਸੈਕੰਢ ਹੈਂਡ ਹਸਬੈਂਡ' ਦਾ ਹਿੱਸਾ ਰਹੀ ਬਾਲੀਵੁੱਡ ਅਦਾਕਾਰਾ ਗੀਤਾ ਬਸਰਾ ਇੱਕ ਵਾਰ ਮੁੜ ਪਾਲੀਵੁੱਡ ਵਿੱਚ ਪ੍ਰਭਾਵੀ ਦਸਤਕ ਦੇਣ ਲਈ ਤਿਆਰ ਹੈ। ਅਦਾਕਾਰਾ ਜਲਦ ਹੀ ਸ਼ੁਰੂ ਹੋਣ ਜਾ ਰਹੀ ਪੰਜਾਬੀ ਫ਼ਿਲਮ 'ਮੇਹਰ' ਦੁਆਰਾ ਦੱਸ ਸਾਲਾਂ ਬਾਅਦ ਸਿਲਵਰ ਸਕਰੀਨ 'ਤੇ ਨਜ਼ਰ ਆਵੇਗੀ।
ਡਿਜੀਟਾਈਮੈਂਟ ਅਤੇ ਰਘੂ ਖੰਨਾ ਵੱਲੋ ਪ੍ਰਸਤੁਤ ਕੀਤੀ ਜਾਣ ਵਾਲੀ ਇਸ ਪਰਿਵਾਰਕ ਡਰਾਮਾ ਅਤੇ ਮਨੋਰੰਜਕ ਫ਼ਿਲਮ ਦਾ ਨਿਰਦੇਸ਼ਨ ਰਾਕੇਸ਼ ਮਹਿਤਾ ਕਰਨਗੇ, ਜੋ ਇਸ ਤੋਂ ਪਹਿਲਾ ਕਈ ਬਹੁ-ਚਰਚਿਤ ਅਤੇ ਵੱਡੀਆ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਰਾਕੇਸ਼ ਮਹਿਤਾ ਵੱਲੋਂ ਨਿਰਦੇਸ਼ਿਤ ਕੀਤੀਆਂ ਫਿਲਮਾਂ ਵਿੱਚ 'ਇੱਕ ਸੰਧੂ ਹੁੰਦਾ ਸੀ', 'ਰੰਗ ਪੰਜਾਬ ਦੇ' ਅਤੇ 'ਯਾਰਾਂ ਵੇ' ਆਦਿ ਸ਼ੁਮਾਰ ਰਹੀਆ ਹਨ।
ਬਿੱਗ ਸੈੱਟਅੱਪ ਅਧੀਨ ਬਣਾਈ ਜਾ ਰਹੀ ਇਸ ਫ਼ਿਲਮ ਦਾ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਅਤੇ ਅਦਾਕਾਰ ਰਾਜ ਕੁੰਦਰਾ ਵੀ ਅਹਿਮ ਹਿੱਸਾ ਹੋਣਗੇ, ਜੋ ਇਸ ਫ਼ਿਲਮ ਨਾਲ ਪਾਲੀਵੁੱਡ ਵਿੱਚ ਅਪਣੀ ਪਹਿਲੀ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ। ਅਦਾਕਾਰਾ ਗੀਤਾ ਬਸਰਾ ਰਾਜ ਕੁੰਦਰਾ ਦੇ ਨਾਲ ਕਾਫ਼ੀ ਮਹੱਤਵਪੂਰਨ ਅਤੇ ਲੀਡਿੰਗ ਰੋਲ ਨੂੰ ਅੰਜ਼ਾਮ ਦੇਵੇਗੀ।
ਸਾਲ 2015 'ਚ ਮਸ਼ਹੂਰ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨਾਲ ਵਿਆਹ ਦੇ ਬੰਧਨ ਵਿੱਚ ਬੱਝੀ ਅਦਾਕਾਰਾ ਗੀਤਾ ਬਸਰਾ ਨੇ ਆਪਣੀ ਸ਼ੁਰੂ ਕੀਤੀ ਨਵੀਂ ਘਰੇਲੂ ਜ਼ਿੰਦਗੀ ਤੋਂ ਬਾਅਦ ਗਲੈਮਰ ਅਤੇ ਸਿਨੇਮਾਂ ਦੀ ਦੁਨੀਆਂ ਤੋਂ ਦੂਰੀ ਬਣਾ ਲਈ ਸੀ। ਹੁਣ ਅਦਾਕਾਰਾ 10 ਸਾਲਾਂ ਬਾਅਦ ਇੱਕ ਵਾਰ ਫਿਰ ਅਪਣੀ ਅਸਲ ਕਰਮਭੂਮੀ ਦਾ ਰੁਖ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
2006 ਵਿੱਚ ਸਾਹਮਣੇ ਆਈ ਇਮਰਾਨ ਹਾਸ਼ਮੀ ਦੀ ਫਿਲਮ 'ਦਿਲ ਦੀਆ ਹੈ' ਨਾਲ ਸਿਨੇਮਾਂ ਸਫ਼ਰ ਦਾ ਅਗਾਜ਼ ਕਰਨ ਵਾਲੀ ਇਹ ਬਾਕਮਾਲ ਅਦਾਕਾਰਾ 'ਦਿ ਟ੍ਰੇਨ' (2007) ਜਿਹੀਆਂ ਕਈ ਹੋਰ ਬੇਹਤਰੀਣ ਫਿਲਮਾਂ ਦਾ ਵੀ ਬਤੌਰ ਲੀਡ ਹਿੱਸਾ ਰਹਿ ਚੁੱਕੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਸੁਖਸ਼ਿੰਦਰ ਸ਼ਿੰਦਾ ਅਤੇ ਰਾਹਤ ਫਤਿਹ ਅਲੀ ਖਾਨ ਦੇ ਗੀਤ 'ਘੁਮ ਸਮ ਘੁਮ ਸਮ' ਸਬੰਧਤ ਸੰਗ਼ੀਤਕ ਵੀਡੀਓ ਨੂੰ ਵੀ ਚਾਰ ਚੰਨ੍ਹ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਚੰਡੀਗੜ੍ਹ ਅਤੇ ਮੋਹਾਲੀ ਦੇ ਆਸ-ਪਾਸ ਫਿਲਮਾਂਈ ਜਾਣ ਵਾਲੀ ਇਹ ਫ਼ਿਲਮ ਫ਼ਰਵਰੀ ਦੇ ਆਖ਼ਰੀ ਪੜ੍ਹਾਅ 'ਚ ਆਨ ਫਲੌਰ ਹੋਣ ਜਾ ਰਹੀ ਹੈ, ਜਿਸ ਦੀ ਸ਼ੂਟਿੰਗ ਦਾ ਹਿੱਸਾ ਬਣਨ ਨੂੰ ਲੈ ਕੇ ਅਦਾਕਾਰਾ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ:-