ਹੈਦਰਾਬਾਦ ਡੈਸਕ: ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਚੱਲ ਰਿਹਾ ਵਿਵਾਦ ਹੋਰ ਵੀ ਗਰਮਾ ਗਿਆ ਜਦੋਂ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵੱਲੋਂ ਮੁਲਤਵੀ ਕਰ ਦਿੱਤਾ ਗਿਆ। ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਮੁਲਤਵੀ ਹੋਣ ’ਤੇ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਸੀ ਕਿ ਇਸ ਮੀਟਿੰਗ ਅਣਕਿਆਸੇ ਫ਼ੈਸਲੇ ਹੋਣ ਸੀ। ਪਰ ਮੀਟਿੰਗ ਮੁਲਤਵੀ ਹੋ ਗਈ ਹੈ। ਦਰਅਸਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਇਕੱਤਰਤਾ 28 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣ ਜਾ ਰਹੀ ਸੀ। ਹੁਣ ਹਵਾਲਾ ਦਿੱਤਾ ਗਿਆ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਕੁਝ ਨਿੱਜੀ ਰੁਝੇਵੇ ਹਨ, ਜਿਸ ਦੇ ਕਰ ਕੇ ਇਸ ਮੀਟਿੰਗ ਨੂੰ ਫ਼ਿਲਹਾਲ ਮੁਲਤਵੀ ਕੀਤਾ ਗਿਆ ਹੈ।
ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੀਡੀਓ ਜਾਰੀ
ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਲੈ ਗਏ ਇਸ ਫੈਸਲੇ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੀਡੀਓ ਜਾਰੀ ਕਰ ਕੇ ਵੱਡੇ ਖ਼ੁਲਾਸੇ ਕੀਤੇ ਗਏ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਉਸ ਵੀਡੀਓ ਵਿੱਚ ਕਿਹਾ ਕਿ ਇਸ ਮੀਟਿੰਗ ਵਿੱਚ ਗੁਰਮਤਿ ਦੀ ਰੌਸ਼ਨੀ ‘ਚ ਵੱਡੇ ਫ਼ੈਸਲੇ ਲਏ ਜਾ ਸਕਦੇ ਸਨ, ਪਰ ਜਥੇਦਾਰ ਵੱਲੋਂ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਿਰਫ਼ ਮੀਟਿੰਗ ਹੀ ਮੁਲਤਵੀ ਨਹੀਂ ਹੋਈ, ਸਗੋਂ ਮੇਰੇ ਖ਼ਿਲਾਫ਼ ਬਣੀ 3 ਮੈਂਬਰੀ ਕਮੇਟੀ ਵੱਲੋਂ ਪੜਤਾਲ ਵੀ ਤੇਜ਼ ਕਰ ਦਿੱਤੀ ਗਈ ਹੈ। ਇਸ ਕਮੇਟੀ ਦੀ ਅਗਵਾਈ ਬਾਦਲਾਂ ਦੇ ਮੈਸੇਂਜਰ ਕਰ ਰਹੇ ਹਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੱਢੇ ਹੋਏ ਲੀਡਰ ਇਸ ਦੀ ਸਰਪ੍ਰਸਤੀ ਕਰ ਰਹੇ ਹਨ।
ਮਰਿਆਦਾ ਦੀ ਉਲੰਘਣਾ ਕੀਤੀ
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਆਪਣੀ ਗੱਡੀ ਵਿਚ ਬਿਠਾ ਕੇ ਮੇਰੇ ਵਿਰੁੱਧ ਗਵਾਹ ਭੁਗਤਾਏ ਜਾ ਰਹੇ ਹਨ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ‘ਤੇ ਜਾ ਕੇ ਮੇਰੇ ਬਾਰੇ ਪੁੱਛ ਪੜਤਾਲ ਕੀਤੀ ਗਈ ਹੈ ਤੇ ਇੱਥੇ ਮੁਲਾਜ਼ਮਾਂ ‘ਤੇ ਦਬਾਅ ਪਾਇਆ ਗਿਆ ਕਿ ਮੇਰੇ ਵਿਰੁੱਧ ਲਿਖ ਕੇ ਦੇਣ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੰਜ ਪਿਆਰੀਆਂ ਦੇ ਸਨਮੁਖ ਪੇਸ਼ ਹੋ ਕੇ ਮਰਿਆਦਾ ਦੀ ਉਲੰਘਣਾ ਕੀਤੀ ਹੈ। ਮੈਨੂੰ ਖੁਸ਼ੀ ਹੈ ਕਿ ਇਨ੍ਹਾਂ ਦੇ ਆਖ਼ੇ ‘ਤੇ ਕਿਸੇ ਨੇ ਕੁਝ ਲਿਖ ਕੇ ਨਹੀਂ ਦਿੱਤਾ।
5 ਸਿੰਘ ਸਾਹਿਬਾਨ ਦੀ ਮੀਟਿੰਗ
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹੁਣ ਬਹੁਤ ਤੇਜ਼ੀ ਦੇ ਨਾਲ ਮੇਰੇ ਖ਼ਿਲਾਫ਼ ਪੜਤਾਲ ਨੂੰ ਅੱਗੇ ਵਧਾਇਆ ਜਾਵੇਗਾ ਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਸੱਦ ਕੇ ਮੇਰੀਆਂ ਸੇਵਾਵਾਂ ਖ਼ਤਮ ਕੀਤੀਆਂ ਜਾਣਗੀਆਂ। ਉਸ ਤੋਂ ਬਾਅਦ 5 ਸਿੰਘ ਸਾਹਿਬਾਨ ਦੀ ਮੀਟਿੰਗ ਹੋਵੇਗੀ।
“ਜਲਦੀ ਕਰੋ, ਮੇਰੇ ‘ਤੇ ਦੋਸ਼ ਲਾਓ, ਮੈਨੂੰ ਬਾਹਰ ਕੱਢੋ, ਮੇਰੀਆਂ ਸੇਵਾਵਾਂ ਖ਼ਤਮ ਕਰੋ। ਫ਼ਿਰ ਉਸ ਤੋਂ ਬਾਅਦ ਮੈਂ ਆਪਣੇ ਪੰਥ ਅਤੇ ਕੌਮ ਦੇ ਸਹਿਯੋਗ ਨਾਲ ਆਪਣੇ ਖ਼ਿਲਾਫ਼ ਸਿਰਜੇ ਨੈਰੇਟਿਵ ਦਾ ਜਵਾਬ ਦੇਣ ਦਾ ਯਤਨ ਜ਼ਰੂਰ ਕਰਾਂਗਾ।” ਗਿਆਨੀ ਹਰਪ੍ਰੀਤ ਸਿੰਘ
ਮੇਰੀਆਂ ਬੁਰਕੀਆਂ ਤੱਕ ਦਾ ਹਿਸਾਬ
‘‘ਇਹ ਇਤਿਹਾਸ ਹੈ ਕਿ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਈਨ ਮੰਨ ਲੈਂਦੇ ਹਨ ਉਹ ਭਾਵੇਂ ਕੋਰੜਾਂ ਦਾ ਕਾਰੋਬਾਰ ਖੜਾ ਕਰ ਲੈਣ ਉਨ੍ਹਾਂ ਨੂੰ ਕੁਝ ਨਹੀਂ ਕਿਹਾ ਜਾਂਦਾ ਹੈ। 8-8 ਸਾਲ ਦੀ ਸੇਵਾਮੁਕਤ ਹੋਣ ਬਾਅਦ ਵੀ ਉਨ੍ਹਾਂ ਦੀਆਂ ਸਹੂਲਤਾਂ ਵੀ ਜਾਰੀ ਰਹਿੰਦੀਆਂ ਹਨ ਪਰ ਜਦੋਂ ਕੋਈ ਜਥੇਦਾਰ ਈਨ ਮੰਨਣ ਲਈ ਤਿਆਰ ਨਹੀਂ ਹੁੰਦਾ ਤਾਂ ਉਸ ਦੀਆਂ ਬੁਰਕੀਆਂ ਤੱਕ ਗਿਣੀਆਂ ਜਾਂਦੀਆਂ ਹਨ। ਮੈਨੂੰ ਖੁਸ਼ੀ ਹੈ ਕਿ 8 ਸਾਲ ਦੀ ਜਥੇਦਾਰੀ ਦੌਰਾਨ ਮੇਰੀਆਂ ਬੁਰਕੀਆਂ ਤੱਕ ਦਾ ਹਿਸਾਬ ਕੀਤਾ ਜਾ ਰਿਹਾ ਹੈ। ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਜਲ਼ਦ ਕਾਰਵਾਈ ਕਰੋ। ਮੈਨੂੰ ਸੇਵਾਮੁਕਤ ਕਰੋ। ਫੇਰ ਉਸ ਤੋਂ ਬਾਅਦ ਮੈਂ ਆਪਣੇ ਪੰਥ, ਕੌਮ ਦੇ ਸਹਿਯੋਗ ਦੇ ਨਾਲ ਜਵਾਬ ਦੇਣ ਦਾ ਯਤਨ ਜ਼ਰੂਰ ਕਰਾਂਗਾ।’’ ਗਿਆਨੀ ਹਰਪ੍ਰੀਤ ਸਿੰਘ
ਵਿਰਸਾ ਸਿੰਘ ਵਲਟੋਹਾ ਦਾ ਤੰਜ
ਕਾਬਲੇਜ਼ਿਕਰ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਵੀਡੀਓ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਗਿਆਨੀ ਹਰਪ੍ਰੀਤ ਸਿੰਘ 'ਤੇ ਤੰਜ ਕੱਸਿਆ ਗਿਆ। ਉਨ੍ਹਾਂ ਸੋਸ਼ਲ ਮੀਡੀਆ 'ਤੇ ਕਿਹਾ
ਜਥੇਦਾਰ ਸਾਹਿਬ ਜੀਓ !
ਮੈਂ ਨਿਮਾਣਾ ਸਿੱਖ ਤੁਹਾਡਾ ਬਹੁਤ ਸਤਿਕਾਰ ਕਰਦਾ ਹਾਂ ਕਿਉਂਕਿ ਆਪ ਜੀ ਅਨੁਸਾਰ ਆਪ ਜੀ "ਗੁਰੂ ਸਮਾਨ" ਹੋ।
ਮੈਂ ਪੜਤਾਲੀਆ ਕਮੇਟੀ ਨੂੰ ਬੇਨਤੀ ਕਰਾਂਗਾ ਕਿ "ਗੁਰੂ ਸਮਾਨ" ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਪੂਰਾ ਪੂਰਾ ਮਾਣ ਕੀਤਾ ਜਾਵੇ।ਏਹਨਾਂ ਦਾ ਮਾਣ ਕਰਨਾ ਸਾਡਾ ਸਾਰਿਆਂ ਦਾ ਫਰਜ ਹੈ।