ਜੱਬਲਪੁਰ (ਮੱਧ ਪ੍ਰਦੇਸ਼): ਸਾਬਕਾ ਮਿਸ ਵਰਲਡ ਟੂਰਿਜ਼ਮ ਅਤੇ ਅਦਾਕਾਰਾ ਇਸ਼ੀਕਾ ਤਨੇਜਾ ਨੇ ਗਲੈਮਰ ਨੂੰ ਪਿੱਛੇ ਛੱਡ ਕੇ ਅਧਿਆਤਮਿਕ ਮਾਰਗ ਅਪਣਾਉਣ ਦਾ ਫੈਸਲਾ ਕੀਤਾ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਜੱਬਲਪੁਰ 'ਚ ਸ਼ੰਕਰਾਚਾਰੀਆ ਸਵਾਮੀ ਸਦਾਨੰਦ ਸਰਸਵਤੀ ਜੀ ਦੀ ਅਗਵਾਈ 'ਚ ਗੁਰੂ ਦੀਕਸ਼ਾ ਲਈ। ਇਸ ਮੌਕੇ ਇਸ਼ਿਕਾ ਨੇ ਅੱਜ ਦੇ ਨੌਜਵਾਨਾਂ ਨੂੰ ਧਰਮ ਨਾਲ ਜੁੜਨ ਅਤੇ ਅਧਿਆਤਮਿਕਤਾ ਦੇ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ।
2017 ਵਿੱਚ ਮਿਸ ਵਰਲਡ ਟੂਰਿਜ਼ਮ ਇੰਡੀਆ ਬਣੀ ਸੀ ਅਦਾਕਾਰਾ
ਇਸ਼ਿਕਾ ਨੂੰ 2017 ਵਿੱਚ ਮਿਸ ਵਰਲਡ ਟੂਰਿਜ਼ਮ (ਇੰਡੀਆ) ਦਾ ਤਾਜ ਪਹਿਨਾਇਆ ਗਿਆ ਸੀ ਅਤੇ ਮਲੇਸ਼ੀਆ ਦੇ ਮੇਲਾਕਾ ਵਿੱਚ ਹੋਏ ਮੁਕਾਬਲੇ ਦੌਰਾਨ ਬਿਜ਼ਨਸ ਵੂਮੈਨ ਆਫ ਦਾ ਵਰਲਡ ਦਾ ਖਿਤਾਬ ਪ੍ਰਾਪਤ ਕੀਤਾ ਸੀ, ਉਸ ਨੂੰ ਭਾਰਤ ਦੀਆਂ 100 ਸਫ਼ਲ ਔਰਤਾਂ ਵਿੱਚੋਂ ਇੱਕ ਵਜੋਂ ਰਾਸ਼ਟਰਪਤੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਹਾਲਾਂਕਿ, ਹੁਣ ਉਸਨੇ ਸੁੰਦਰਤਾ ਅਤੇ ਗਲੈਮਰ ਦੀ ਦੁਨੀਆ ਨੂੰ ਛੱਡ ਦਿੱਤਾ ਹੈ ਅਤੇ ਆਪਣੀ ਪੂਰੀ ਜ਼ਿੰਦਗੀ ਅਧਿਆਤਮਿਕਤਾ ਨੂੰ ਸਮਰਪਿਤ ਕਰ ਦਿੱਤੀ ਹੈ।
ਨੌਜਵਾਨਾਂ ਨੂੰ ਕੀਤੀ ਇਹ ਬੇਨਤੀ
ਇਸ ਸਮਾਗਮ ਦੌਰਾਨ ਸਾਧਵੀ ਬਣੀ ਇਸ਼ਿਕਾ ਨੇ ਧਰਮ ਨਾਲ ਆਪਣੇ ਸੰਬੰਧਾਂ ਬਾਰੇ ਦੱਸਿਆ। ਉਨ੍ਹਾਂ ਕਿਹਾ, 'ਬਚਪਨ ਤੋਂ ਹੀ ਮੇਰਾ ਝੁਕਾਅ ਅਧਿਆਤਮਿਕਤਾ ਵੱਲ ਰਿਹਾ ਹੈ, ਚਾਹੇ ਇਹ ਧਿਆਨ ਹੋਵੇ ਜਾਂ ਇੰਟਰਨੈਸ਼ਨਲ ਸੋਸਾਇਟੀ ਫਾਰ ਕ੍ਰਿਸ਼ਨਾ ਚੇਤਨਾ (ਇਸਕੋਨ) ਅਤੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਨਾਲ ਮੇਰੀ ਸਾਂਝ। ਪਰ ਹੁਣ ਮੈਨੂੰ ਲੱਗਦਾ ਹੈ ਕਿ ਧਰਮ ਨੂੰ ਪੂਰੀ ਤਰ੍ਹਾਂ ਸਮਰਪਿਤ ਕਰਨ ਦਾ ਸਮਾਂ ਆ ਗਿਆ ਹੈ। ਅੱਜ ਦੇ ਨੌਜਵਾਨਾਂ ਕੋਲ ਊਰਜਾ ਅਤੇ ਸਮਾਂ ਹੈ ਅਤੇ ਉਨ੍ਹਾਂ ਨੂੰ ਇਸ ਦੀ ਵਰਤੋਂ ਅਧਿਆਤਮਿਕਤਾ ਨਾਲ ਜੁੜਨ ਲਈ ਕਰਨੀ ਚਾਹੀਦੀ ਹੈ।'