ਚੰਡੀਗੜ੍ਹ:ਦੁਨੀਆਂ ਭਰ 'ਚ ਅਪਣੀ ਨਾਯਾਬ ਗਾਇਕੀ ਦਾ ਲੋਹਾ ਮੰਨਵਾ ਰਹੇ ਸਟਾਰ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਜਲਦ ਹੀ ਅਪਣੀ ਸ਼ੁਰੂ ਹੋਣ ਜਾ ਰਹੀ ਨਵੀਂ ਹਿੰਦੀ ਫਿਲਮ 'ਬਾਰਡਰ 2' ਦੀ ਸ਼ੂਟਿੰਗ ਦਾ ਹਿੱਸਾ ਬਣਨ ਜਾ ਰਹੇ ਹਨ, ਜਿੰਨ੍ਹਾਂ ਦੀ ਇਸ ਬਹੁ-ਚਰਚਿਤ ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰਨਗੇ, ਜੋ ਇਸ ਤੋਂ ਪਹਿਲਾਂ 'ਕੇਸਰੀ' ਜਿਹੀ ਸੁਪਰ ਡੁਪਰ ਹਿੱਟ ਫਿਲਮ ਨਿਰਦੇਸ਼ਿਤ ਕਰਨ ਦਾ ਵੀ ਮਾਣ ਅਪਣੀ ਝੋਲੀ ਪਾ ਚੁੱਕੇ ਹਨ।
'ਟੀ-ਸੀਰੀਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ ਵੱਡੇ ਬਜਟ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਪਹਿਲੇ ਪੜ੍ਹਾਅ ਅਧੀਨ ਉੱਤਰਾਖੰਡ ਦੇ ਦੇਹਰਾਦੂਨ ਹਿੱਸਿਆਂ ਵਿੱਚ ਫਿਲਮਾਈ ਜਾਵੇਗੀ, ਜਿਸ ਲਈ ਪ੍ਰੀ-ਪ੍ਰੋਡੋਕਸ਼ਨ ਤਿਆਰੀਆਂ ਨੂੰ ਤੇਜ਼ੀ ਨਾਲ ਅਤੇ ਵੱਡੇ ਪੱਧਰ ਉੱਪਰ ਅੰਜ਼ਾਮ ਦਿੱਤਾ ਜਾ ਰਿਹਾ ਹੈ।
ਪੰਜਾਬੀ ਸਿਨੇਮਾ ਦੀ ਹਿੱਟ ਨਿਰਦੇਸ਼ਕ-ਅਦਾਕਾਰ ਜੋੜੀ ਵਜੋਂ ਮੰਨੇ ਜਾਂਦੇ ਅਨੁਰਾਗ ਸਿੰਘ ਅਤੇ ਦਿਲਜੀਤ ਦੁਸਾਂਝ ਦੀ ਇਕੱਠਿਆਂ ਇਹ ਛੇਵੀਂ ਫਿਲਮ ਹੋਵੇਗੀ, ਜੋ ਇਸ ਤੋਂ ਪਹਿਲਾਂ 'ਜੱਟ ਐਂਡ ਜੂਲੀਅਟ', 'ਜੱਟ ਐਂਡ ਜੂਲੀਅਟ 2', 'ਡਿਸਕੋ ਸਿੰਘ', 'ਸੁਪਰ ਸਿੰਘ', 'ਪੰਜਾਬ 1984' 'ਚ ਵੀ ਅਪਣੀ ਸ਼ਾਨਦਾਰ ਕੈਮਿਸਟਰੀ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾ ਚੁੱਕੇ ਹਨ।