ਫਰੀਦਕੋਟ: ਮਿਊਜ਼ਿਕ ਖੇਤਰ ਦਾ ਚਰਚਿਤ ਚਿਹਰਾ ਰਹੇ ਅਦਾਕਾਰ ਜਿੰਮੀ ਸ਼ਰਮਾ ਹੁਣ ਹਿੰਦੀ ਅਤੇ ਪੰਜਾਬੀ ਸਿਨੇਮਾਂ ਖਿੱਤੇ ਵਿੱਚ ਵੀ ਮਜ਼ਬੂਤ ਪੈੜਾ ਸਿਰਜਦੇ ਹੋਏ ਨਜ਼ਰ ਆ ਰਹੇ ਹਨ। ਹੁਣ ਉਨਾਂ ਦੀ ਨਵੀਂ ਪੰਜਾਬੀ ਫੀਚਰ ਫ਼ਿਲਮ 'ਅਲੜ੍ਹ ਵਰੇਸ' ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿੱਚ ਅਦਾਕਾਰ ਕਾਫ਼ੀ ਪ੍ਰਭਾਵੀ ਕਿਰਦਾਰ ਪਲੇ ਕਰਦੇ ਨਜ਼ਰ ਆਉਣਗੇ। 'ਟੋਪ ਹਿਲ ਮੂਵੀਜ਼ ਅਤੇ ਆਰਨਿਕਾ ਪ੍ਰੋਡਕਸ਼ਨ ਵੱਲੋਂ ਰੰਗਲਾ ਪੰਜਾਬ ਮੋਸ਼ਨ ਪਿਕਚਰਜ਼' ਦੀ ਐਸੋਸੀਏਸ਼ਨ ਅਧੀਨ ਬਣਾਈ ਗਈ ਇਸ ਫ਼ਿਲਮ ਦਾ ਨਿਰਦੇਸ਼ਨ ਨੌਜਵਾਨ ਫ਼ਿਲਮਕਾਰ ਸ਼ਿਵਮ ਸ਼ਰਮਾ ਵੱਲੋਂ ਕੀਤਾ ਗਿਆ ਹੈ।
ਪੰਜਾਬੀ ਫੀਚਰ ਫ਼ਿਲਮ 'ਅਲੜ੍ਹ ਵਰੇਸ' ਦੀ ਰਿਲੀਜ਼ ਮਿਤੀ:ਪੰਜਾਬੀ ਫੀਚਰ ਫ਼ਿਲਮ 'ਅਲੜ੍ਹ ਵਰੇਸ' 31 ਮਈ ਨੂੰ ਵਰਲਡ ਵਾਈਡ ਰਿਲੀਜ਼ ਹੋਣ ਜਾ ਰਹੀ ਹੈ। 'ਵਾਈਟ ਹਿੱਲ ਸਟੂਡੀਓਜ਼' ਵੱਲੋ ਵੱਡੇ ਪੱਧਰ 'ਤੇ ਜਾਰੀ ਕੀਤੇ ਜਾ ਰਹੀ ਇਸ ਫ਼ਿਲਮ ਵਿੱਚ ਅਰਮਾਨ ਬੇਦਿਲ ਅਤੇ ਜਾਨਵੀਰ ਕੌਰ ਲੀਡ ਜੋੜੀ ਵਜੋਂ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਕਵੀ ਸਿੰਘ, ਨਿਰਮਲ ਰਿਸ਼ੀ, ਦਿਵਜੋਤ ਕੌਰ, ਸ਼ਵਿੰਦਰ ਮਾਹਲ, ਮਲਕੀਤ ਰੌਣੀ, ਤਰਸੇਮ ਪਾਲ, ਰਾਜ ਧਾਲੀਵਾਲ, ਸਤਵੰਤ ਕੌਰ, ਪਰਮਿੰਦਰ ਗਿੱਲ ਵੀ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਹਨ।
ਨੈਗੇਟਿਵ ਕਿਰਦਾਰ 'ਚ ਨਜ਼ਰ ਆਉਣਗੇ ਅਦਾਕਾਰ ਜਿੰਮੀ ਸ਼ਰਮਾ:ਪਾਲੀਵੁੱਡ ਦੀਆਂ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ ਇਸ ਫ਼ਿਲਮ ਦਾ ਖਾਸ ਆਕਰਸ਼ਨ ਅਦਾਕਾਰ ਜਿੰਮੀ ਸ਼ਰਮਾ ਹੋਣਗੇ, ਜੋ ਇਸ ਫ਼ਿਲਮ ਦੌਰਾਨ ਨੈਗੇਟਿਵ ਕਿਰਦਾਰ ਵਿੱਚ ਦਿਖਾਈ ਦੇਣਗੇ। ਇਸ ਤਰਾਂ ਦਾ ਕਿਰਦਾਰ ਉਨਾਂ ਵੱਲੋ ਅਪਣੀ ਹੁਣ ਤੱਕ ਦੀ ਕਿਸੇ ਵੀ ਫ਼ਿਲਮ, ਵੈੱਬ-ਸੀਰੀਜ਼ ਆਦਿ ਵਿੱਚ ਅਦਾ ਨਹੀਂ ਕੀਤਾ ਗਿਆ ਹੈ। ਇਸ ਕਰਕੇ ਉਹ ਆਪਣੀ ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦੀ ਪ੍ਰਕਿਰਿਆ ਜਾਣਨ ਲਈ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਹਾਲ ਹੀ ਵਿੱਚ ਰਿਲੀਜ ਹੋਈ ਅਤੇ ਚਰਚਾ ਹਾਸਿਲ ਕਰਨ ਵਾਲੀ ਗਿੱਪੀ ਗਰੇਵਾਲ-ਬਿੰਨੂ ਢਿੱਲੋ ਸਟਾਰਰ ਅਤੇ ਸਮੀਪ ਕੰਗ ਨਿਰਦੇਸ਼ਿਤ ਫਿਲਮ 'ਮੌਜਾ ਹੀ ਮੌਜਾ' ਦਾ ਵੀ ਅਦਾਕਾਰ ਜਿੰਮੀ ਸ਼ਰਮਾ ਅਹਿਮ ਹਿੱਸਾ ਰਹੇ ਹਨ। ਅਦਾਕਾਰ ਅਨੁਸਾਰ, ਫ਼ਿਲਮ 'ਅਲੜ੍ਹ ਵਰੇਸ' ਵਿਚਲੀ ਭੂਮਿਕਾ ਕਈ ਪੱਖੋ ਦਰਸ਼ਕਾਂ ਅਤੇ ਉਨ੍ਹਾਂ ਦੇ ਚਾਹੁਣ ਵਾਲਿਆ ਨੂੰ ਵਿਲੱਖਣਤਾ ਦਾ ਅਹਿਸਾਸ ਕਰਵਾਏਗੀ। ਇਸ ਫਿਲਮ ਦਾ ਹਿੱਸਾ ਬਣਨਾ, ਇੱਕ ਨਵੀਂ ਟੀਮ ਅਤੇ ਨਵੇਂ ਚਿਹਰਿਆਂ ਨਾਲ ਕੰਮ ਕਰਨਾ ਉਨ੍ਹਾਂ ਲਈ ਬੇਹੱਦ ਯਾਦਗਾਰੀ ਤਜੁਰਬਾ ਰਿਹਾ ਹੈ। ਮੂਲ ਰੂਪ ਵਿੱਚ ਪੰਜਾਬ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਅਦਾਕਾਰ ਜਿੰਮੀ ਸ਼ਰਮਾ ਦੇ ਹਾਲ ਹੀ ਵਿੱਚ ਕੀਤੇ ਪ੍ਰੋਜੈਕਟਾਂ ਵੱਲ ਨਜ਼ਰਸਾਨੀ ਕੀਤੀ ਜਾਵੇ, ਤਾਂ ਉਨ੍ਹਾਂ ਨੇ 'ਵਿਚ ਬੋਲੂੰਗਾ ਤੇਰੇ', 'ਕਮਲੇ' , 'ਚੰਡੀਗੜ੍ਹ ਗਰਲਜ਼', 'ਪਿੰਕੀ ਮੋਗੇਵਾਲੀ' ਆਦਿ ਵਿੱਚ ਕੰਮ ਕੀਤਾ ਹੈ।