ਚੰਡੀਗੜ੍ਹ: ਹਿੰਦੀ ਅਤੇ ਪੰਜਾਬੀ ਸਿਨੇਮਾ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਅਦਾਕਾਰਾ ਹਰਜੀਤ ਵਾਲੀਆ, ਜੋ ਬਤੌਰ ਲੇਖਕ ਆਪਣੇ ਨਵੇਂ ਸਫ਼ਰ ਦਾ ਆਗਾਜ਼ ਕਰਨ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਲਿਖੀ ਗਈ ਪੰਜਾਬੀ ਫਿਲਮ 'ਤੂੰ ਆ ਗਿਆ' ਸੈੱਟ ਉਤੇ ਪੁੱਜ ਗਈ ਹੈ।
'ਏ ਦੇਵੀ ਸ਼ਰਮਾ ਫਿਲਮਜ਼' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਖੁਸ਼ਬੂ ਸ਼ਰਮਾ ਕਰ ਰਹੇ ਹਨ, ਜੋ ਕਈ ਚਰਚਿਤ ਪੰਜਾਬੀ ਫਿਲਮਾਂ ਨਾਲ ਕਾਰਜਕਾਰੀ ਨਿਰਮਾਤਾ ਦੇ ਤੌਰ ਉਤੇ ਜੁੜੇ ਰਹੇ ਹਨ।
ਸਮਾਜਿਕ ਸਰੋਕਾਰਾਂ ਨਾਲ ਜੁੜੀ ਇਸ ਫਿਲਮ ਵਿੱਚ ਹਰਜੀਤ ਵਾਲੀਆ ਅਦਾਕਾਰ ਦੇ ਤੌਰ ਉਤੇ ਕਾਫ਼ੀ ਅਹਿਮ ਰੋਲ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਸੁਖਦੇਵ ਬਰਨਾਲਾ, ਸਿਮਰਪਾਲ ਸਿੰਘ ਅਤੇ ਅਦਾਕਾਰਾ ਹੀਰਾ ਠਾਕੁਰ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ।
ਹਿਮਾਚਲ ਪ੍ਰਦੇਸ਼ ਦੇ ਖੂਬਸੂਰਤ ਨਗਰ ਸੋਲਨ ਵਿਖੇ ਪਹਿਲੇ ਸ਼ੂਟਿੰਗ ਪੜਾਅ ਵੱਲ ਵੱਧ ਚੁੱਕੀ ਉਕਤ ਅਰਥ-ਭਰਪੂਰ ਫਿਲਮ ਦੇ ਅਗਲੇ ਕੁਝ ਹਿੱਸੇ ਦਾ ਫਿਲਮਾਂਕਣ ਪੰਜਾਬ ਦੇ ਮੋਹਾਲੀ ਆਸ-ਪਾਸ ਅਤੇ ਅਮਰੀਕਾ ਵਿਖੇ ਵੀ ਪੂਰਾ ਕੀਤਾ ਜਾਵੇਗਾ।
ਪਾਲੀਵੁੱਡ ਦੇ ਮੰਨੇ-ਪ੍ਰਮੰਨੇ ਨਿਰਮਾਤਾ ਅਤੇ ਨਿਰਦੇਸ਼ਕ ਦੇਵੀ ਸ਼ਰਮਾ ਦੀ ਸੁਚੱਜੀ ਰਹਿਨੁਮਾਈ ਹੇਠ ਬਿਹਤਰੀਨ ਵਜ਼ੂਦ ਵਿੱਚ ਢਾਲੀ ਜਾ ਰਹੀ ਉਕਤ ਫਿਲਮ ਦੇ ਥੀਮ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਲੇਖਕ ਹਰਜੀਤ ਵਾਲੀਆ ਨੇ ਦੱਸਿਆ ਕਿ ਜੀਵਨ ਨੂੰ ਆਤਮ-ਵਿਸ਼ਵਾਸ਼ ਨਾਲ ਜਿਉਣ ਦੀ ਪ੍ਰੇਰਣਾ ਦਿੰਦੀ ਇਹ ਫਿਲਮ ਇੱਕ ਵਿਧਵਾ ਔਰਤ ਨੂੰ ਦਰਪੇਸ਼ ਆਉਂਦੀਆਂ ਸਮਾਜਿਕ ਚੁਣੌਤੀਆਂ ਦੁਆਲੇ ਬੁਣੀ ਗਈ ਹੈ, ਜੋ ਅਜਿਹੇ ਹੀ ਮੁਸ਼ਕਲਾਂ ਭਰੇ ਪੈਂਡਿਆਂ ਨੂੰ ਸਰ ਕਰ ਰਹੀਆਂ ਮਹਿਲਾਵਾਂ ਨੂੰ ਆਤਮ ਬਲ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗੀ।
ਬਤੌਰ ਅਦਾਕਾਰ ਲਗਭਗ ਚਾਰ ਦਹਾਕਿਆਂ ਦਾ ਸਿਨੇਮਾ ਸਫ਼ਰ ਸਫਲਤਾ ਪੂਰਵਕ ਤੈਅ ਕਰ ਚੁੱਕੇ ਅਤੇ ਬਾਲੀਵੁੱਡ ਅਤੇ ਪਾਲੀਵੁੱਡ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਅਦਾਕਾਰ ਹਰਜੀਤ ਵਾਲੀਆ ਅਨੁਸਾਰ ਲੇਖਕ ਦੇ ਤੌਰ ਉਤੇ ਅਜਿਹੀਆਂ ਫਿਲਮਾਂ ਦੀ ਸਿਰਜਣਾ ਕਰਨਾ ਚਾਹੁੰਦਾ ਹਾਂ, ਜਿਸ ਦਾ ਨੌਜਵਾਨ ਪੀੜ੍ਹੀ ਅਤੇ ਸਮਾਜ ਨੂੰ ਕੁਝ ਨਾ ਕੁਝ ਸੇਧ ਮਿਲ ਸਕੇ।