ਚੰਡੀਗੜ੍ਹ:ਪੰਜਾਬੀ ਸਿਨੇਮਾ ਖੇਤਰ ਵਿੱਚ ਕੀਤੇ ਲੰਮੇਰੇ ਸੰਘਰਸ਼ ਤੋਂ ਬਾਅਦ ਅਦਾਕਾਰ ਗੁਰਜਿੰਦ ਮਾਨ ਦੀਆਂ ਆਸ਼ਾਵਾਂ ਨੂੰ ਆਖਰ ਬੂਰ ਪੈਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ, ਜਿੰਨ੍ਹਾਂ ਦੇ ਸੁਫ਼ਨਿਆਂ ਨੂੰ ਮਿਲ ਰਹੀ ਇਸ ਤਾਬੀਰ ਦਾ ਹੀ ਇਜ਼ਹਾਰ-ਏ-ਬਿਆਨ ਕਰਵਾਉਣ ਜਾ ਰਹੀ ਹੈ ਬਤੌਰ ਨਿਰਦੇਸ਼ਕ ਸਾਹਮਣੇ ਆਉਣ ਜਾ ਰਹੀ ਉਨ੍ਹਾਂ ਦੀ ਪਹਿਲੀ ਡਾਇਰੈਕਟੋਰੀਅਲ ਪੰਜਾਬੀ ਫਿਲਮ 'ਬੇਬੇ', ਜੋ ਜਲਦ ਦੇਸ਼ ਵਿਦੇਸ਼ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
'ਖਰੌੜ ਫਿਲਮਜ਼' ਅਤੇ 'ਫਰੂਟ ਚਾਟ ਇੰਟਰਟੇਨਮੈਂਟ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਦੋਨੋਂ ਜਿੰਮੇਵਾਰੀਆਂ ਗੁਰਜਿੰਦ ਮਾਨ ਵੱਲੋਂ ਹੀ ਸੰਭਾਲੀਆਂ ਗਈਆਂ ਹਨ, ਜਦਕਿ ਨਿਰਮਾਣ ਡਿੰਪਲ ਖਰੌੜ ਅਤੇ ਅਭੈਦੀਪ ਮੱਤੀ ਦੁਆਰਾ ਕੀਤਾ ਗਿਆ ਹੈ।
ਰਾਜਸਥਾਨ ਦੇ ਠੇਠ ਦੇਸੀ ਅਤੇ ਪੇਂਡੂ ਮਾਹੌਲ ਵਿੱਚ ਫਿਲਮਬੱਧ ਕੀਤੀ ਗਈ ਇਸ ਫਿਲਮ ਵਿੱਚ ਜਿੰਮੀ ਸ਼ੇਰਗਿੱਲ ਅਤੇ ਸਿੰਮੀ ਚਾਹਲ ਲੀਡਿੰਗ ਕਿਰਦਾਰ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਡੋਲੀ ਮੱਟੂ, ਰੌਣਕ ਜੋਸ਼ੀ, ਕੁਲਦੀਪ ਸ਼ਰਮਾ ਜਿਹੇ ਮੰਝੇ ਹੋਏ ਐਕਟਰਜ਼ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਵਿਖਾਈ ਦੇਣਗੇ।
ਮਨ ਨੂੰ ਛੂਹ ਲੈਣ ਵਾਲੇ ਕਹਾਣੀ-ਸਾਰ ਆਧਾਰਿਤ ਇਸ ਫਿਲਮ ਵਿੱਚ ਕਿਸੇ ਸਮੇਂ ਸੁਯੰਕਤ ਪਰਿਵਾਰਾਂ ਖਾਸ ਦਾ ਮੋਢੀ ਮੰਨੀ ਜਾਂਦੀ ਰਹੀ ਅਤੇ ਅੱਜ ਦਰ-ਕਿਨਾਰ ਕੀਤੀ ਜਾ ਰਹੀ ਬੇਬੇ ਦਾ ਮੋਹ ਭਰਿਆ ਵਜੂਦ ਚਿਤਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਦੁਆਰਾ ਉਹ ਅਪਣੇ ਬੱਚਿਆਂ ਦੇ ਨਾਲ-ਨਾਲ ਪੂਰੇ ਕੁਨਬੇ ਨੂੰ ਵੀ ਇੱਕ ਤੰਦ ਵਿੱਚ ਬੰਨ ਕੇ ਰੱਖਣ ਵਿੱਚ ਅਪਣਾ ਪੂਰਾ ਟਿੱਲ ਲਾ ਦਿੰਦੀ ਸੀ।
ਪੁਰਾਤਨ ਪੰਜਾਬ ਦੇ ਗੁਆਚਦੇ ਜਾ ਰਹੇ ਨਕਸ਼ਾਂ ਦੀ ਤਰ੍ਹਾਂ ਸਫੈਦ ਹੁੰਦੇ ਜਾ ਰਹੇ ਆਪਸੀ ਰਿਸ਼ਤਿਆਂ ਦੀ ਗੱਲ ਕਰਦੀ ਇਸ ਭਾਵਪੂਰਨ ਫਿਲਮ ਨੌਜਵਾਨ ਪੀੜੀ ਨੂੰ ਅਪਣੇ ਬਜ਼ੁਰਗਾਂ ਅਤੇ ਕਦਰਾਂ-ਕੀਮਤਾਂ ਦੀ ਕਦਰ ਕਰਨ ਦੀ ਵੀ ਨਸੀਹਤ ਦਿੱਤੀ ਗਈ ਹੈ, ਜਿਸ ਦੁਆਰਾ ਅਸਲ ਪੰਜਾਬ ਦੇ ਫਿਕੇ ਪੈਂਦੇ ਜਾ ਰਹੇ ਕਈ ਰੰਗ ਵੀ ਮੁੜ ਖੂਬਸੂਰਤ ਰੂਪ ਅਖ਼ਤਿਆਰ ਕਰਦੇ ਨਜ਼ਰੀ ਪੈਣਗੇ।
ਪਾਲੀਵੁੱਡ ਵਿੱਚ ਲੰਮਾ ਸਮਾਂ ਕਈ ਸੰਘਰਸ਼ ਪੈਂਡੇ ਵਿੱਚੋਂ ਗੁਜ਼ਰਣ ਵਾਲੇ ਅਦਾਕਾਰ ਗੁਰਜਿੰਦ ਮਾਨ ਦੇ ਹੁਣ ਤੱਕ ਦੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਆਪਣੇ ਅਦਾਕਾਰੀ ਸਫ਼ਰ ਦਾ ਆਗਾਜ਼ ਲਘੂ ਫਿਲਮਾਂ ਤੋਂ ਕੀਤਾ, ਜਿਸ ਉਪਰੰਤ ਪੜਾਅ ਦਰ ਪੜਾਅ ਆਪਣੀ ਉਮਦਾ ਕਾਬਲੀਅਤ ਦਾ ਇਜ਼ਹਾਰ ਕਰਵਾਉਂਦੇ ਹੋਏ ਉਨ੍ਹਾਂ ਕਈ ਵੱਡੀਆਂ ਫਿਲਮਾਂ ਵਿੱਚ ਵੀ ਆਪਣੀ ਸ਼ਾਨਦਾਰ ਅਦਾਕਾਰੀ ਕਲਾ ਦਾ ਲੋਹਾ ਮਨਵਾਇਆ, ਜਿਸ ਵਿੱਚ 'ਪੰਜਾਬ ਸਿੰਘ', 'ਵਨਸ ਅਪਾਨ ਟਾਈਮ ਇਨ ਅੰਮ੍ਰਿਤਸਰ' ਆਦਿ ਸ਼ੁਮਾਰ ਰਹੀਆਂ ਹਨ।
ਸਾਲ 2021 ਵਿੱਚ ਰਿਲੀਜ਼ ਹੋਈ ਬਹੁ-ਚਰਚਿਤ ਪੰਜਾਬੀ ਫਿਲਮ 'ਯਾਰ ਅਣਮੁੱਲੇ ਰਿਟਰਨਜ਼' ਗੁਰਜਿੰਦ ਮਾਨ ਦੇ ਕਰੀਅਰ ਲਈ ਇੱਕ ਅਹਿਮ ਟਰਨਿੰਗ ਪੁਆਇੰਟ ਸਾਬਤ ਹੋਈ ਹੈ, ਜਿਸ ਦੇ ਲੇਖਨ ਨੂੰ ਮਿਲੀ ਪ੍ਰਸ਼ੰਸਾ ਉਪਰੰਤ ਇਸ ਬਹੁ-ਪੱਖੀ ਸਿਨੇਮਾ ਸ਼ਖਸ਼ੀਅਤ ਦੀ ਪਹਿਚਾਣ ਨੂੰ ਆਖਰ ਉਹ ਪੁਖ਼ਤਗੀ ਮਿਲ ਹੀ ਗਈ ਹੈ, ਜਿਸ ਦੀ ਤਾਂਘ ਉਹ ਪਿਛਲੇ ਕਾਫ਼ੀ ਵਰ੍ਹਿਆਂ ਤੋਂ ਕਰਦੇ ਆ ਰਹੇ ਸਨ।