ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਸੁਪਰ ਸਟਾਰ ਵਜੋਂ ਰੁਤਬਾ ਹਾਸਿਲ ਕਰ ਚੁੱਕੇ ਗਿੱਪੀ ਗਰੇਵਾਲ ਅੱਜਕੱਲ੍ਹ ਪਰਿਵਾਰ ਨਾਲ ਕੈਨੇਡਾ ਵਿਖੇ ਠੰਢ ਦਾ ਆਨੰਦ ਮਾਣਦੇ ਨਜ਼ਰ ਆ ਰਹੇ ਹਨ, ਜੋ ਜਲਦ ਹੀ ਸਾਹਮਣੇ ਆਉਣ ਜਾ ਰਹੀਆਂ ਕਈ ਵੱਡੀਆਂ ਪੰਜਾਬੀ ਫਿਲਮਾਂ ਵਿੱਚ ਅਪਣੀ ਪ੍ਰਭਾਵੀ ਉਪ-ਸਥਿਤੀ ਦਰਜ ਕਰਵਾਉਣਗੇ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਖਿੱਤੇ ਵਿੱਚ ਵੱਸਦੇ ਗਿੱਪੀ ਗਰੇਵਾਲ ਸ਼ੁਰੂ ਹੋਣ ਜਾ ਰਹੇ ਅਪਣੇ ਅਤਿ ਮਸ਼ਰੂਫੀਅਤ ਭਰੇ ਫਿਲਮੀ ਸ਼ੈਡਿਊਲਜ਼ ਤੋਂ ਪਹਿਲਾਂ ਅਪਣੇ ਪਰਿਵਾਰ ਨੂੰ ਜਿਆਦਾ ਤੋਂ ਜਿਆਦਾ ਸਮਾਂ ਦੇਣ ਦੇ ਮੂਡ ਵਿੱਚ ਹਨ, ਜਿਸ ਦੇ ਮੱਦੇਨਜ਼ਰ ਹੀ ਉਹ ਪਤਨੀ ਰਵਨੀਤ ਕੌਰ ਗਰੇਵਾਲ ਅਤੇ ਤਿੰਨੋਂ ਪੁੱਤਰਾਂ ਏਕਮਕਰ ਗਰੇਵਾਲ, ਗੁਰਫਤਹਿ ਸਿੰਘ ਗਰੇਵਾਲ ਅਤੇ ਗੁਰਬਾਜ ਸਿੰਘ ਗਰੇਵਾਲ ਸਮੇਤ ਸਰਦੀਆਂ ਦਾ ਭਰਪੂਰ ਲੁਤਫ਼ ਉਠਾ ਰਹੇ ਹਨ।
ਫਿਲਮੀ ਅਤੇ ਪਰਿਵਾਰਿਕ ਸੰਬੰਧਤ ਜ਼ਿੰਮੇਵਾਰੀਆਂ ਨੂੰ ਬਰਾਬਰਤਾ ਨਾਲ ਅੰਜ਼ਾਮ ਦੇਣ ਵਿੱਚ ਹਮੇਸ਼ਾ ਤੋਂ ਹੀ ਮੋਹਰੀ ਰਹੇ ਹਨ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ, ਜਿਸ ਸੰਬੰਧਤ ਅਪਣੇ ਜ਼ਿੰਮੇਵਾਰ ਫੈਮਿਲੀਮੈਨ ਹੋਣ ਦਾ ਇਜ਼ਹਾਰ ਉਹ ਆਏ ਦਿਨ ਹੀ ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਵੀ ਵੱਧ ਚੜ੍ਹ ਕੇ ਕਰਵਾਉਂਦੇ ਆ ਰਹੇ ਹਨ, ਫਿਰ ਉਹ ਅਪਣੀ ਪਤਨੀ ਅਤੇ ਬੱਚਿਆਂ ਨਾਲ ਬਿਤਾਇਆ ਜਾਣ ਵਾਲਾ ਸਮਾਂ ਹੋਵੇ ਜਾਂ ਫਿਰ ਮਾਂ ਅਤੇ ਭਰਾ ਸਿੱਪੀ ਗਰੇਵਾਲ ਨਾਲ ਸਾਂਝੇ ਕੀਤੇ ਜਾਣ ਵਾਲੇ ਪਲ਼, ਜਿਸ ਤੋਂ ਇਲਾਵਾ ਪਰਿਵਾਰਿਕ ਨਿੱਜੀ ਸਮਾਰੋਹਾਂ ਵਿੱਚ ਵੀ ਉਹ ਕਦੇ ਗੈਰ ਉਪ-ਸਥਿਤੀ ਨਹੀਂ ਰਹੇ।