ਹੈਦਰਾਬਾਦ: ਪੰਜਾਬੀ ਗਾਇਕ ਦਿਲਜੀਤ ਦਾ 'Dil-Luminati' ਟੂਰ ਸ਼ੁਰੂ ਹੋਣ ਵਿੱਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਸਾਰੇ ਕੰਸਰਟਾਂ ਵਿੱਚੋ ਸਭ ਤੋਂ ਵੱਡਾ ਸ਼ੋਅ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਹੋਣ ਵਾਲਾ ਹੈ। ਸ਼ੋਅ ਤੋਂ ਪਹਿਲਾ ਕੰਸਰਟ ਦੀਆਂ ਟਿਕਟਾਂ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਦੱਸ ਦਈਏ ਕਿ ਦਿਲਜੀਤ ਦਾ ਸ਼ੋਅ ਕੁਝ ਘੰਟਿਆਂ ਵਿੱਚ ਹੀ ਫੁੱਲ ਹੋ ਗਿਆ ਸੀ। ਅਜਿਹੇ ਵਿੱਚ ਅਚਾਨਕ ਟਿਕਟਾਂ ਦੀਆਂ ਕੀਮਤਾਂ 'ਚ ਹੋਏ ਵਾਧੇ ਨੂੰ ਲੈ ਉਨ੍ਹਾਂ ਦੇ ਇੱਕ ਪ੍ਰਸ਼ੰਸਕ ਨੇ ਗਾਇਕ ਨੂੰ ਨੋਟਿਸ ਭੇਜ ਦਿੱਤਾ ਹੈ। ਦਿਲਜੀਤ ਤੋਂ ਇਲਾਵਾ ਇਹ ਨੋਟਿਸ Zomato, HDFC ਬੈਂਕ ਅਤੇ ਸਾਰੇਗਾਮਾ ਪ੍ਰਾਈਵੇਟ ਲਿਮਿਟਡ ਨੂੰ ਵੀ ਭੇਜਿਆ ਗਿਆ ਹੈ।
ਦੱਸ ਦਈਏ ਕਿ ਦਿਲਜੀਤ ਦਾ ਕੰਸਰਟ ਦਿੱਲੀ ਵਿੱਚ 26 ਅਕਤਬੂਰ ਨੂੰ ਹੈ। ਦਿਲਜੀਤ ਦੇ ਸ਼ੋਅ ਦੀਆਂ ਟਿਕਟਾਂ ਦੀ ਕੀਮਤ 'ਚ ਧੋਖਾਧੜੀ ਨੂੰ ਲੈ ਕੇ ਅਤੇ ਟਿਕਟ ਨਾ ਖਰੀਦ ਪਾਉਣ ਦੇ ਚਲਦਿਆਂ ਇੱਕ ਮਹਿਲਾ ਪ੍ਰਸ਼ੰਸਕ ਨੇ ਗਾਇਕ ਨੂੰ ਨੋਟਿਸ ਭੇਜਿਆ ਹੈ। ਇਸ ਨੋਟਿਸ ਵਿੱਚ ਪ੍ਰਸ਼ੰਸਕ ਨੇ ਕਿਹਾ ਹੈ ਕਿ ਟੂਰ ਤੋਂ ਪਹਿਲਾ ਟਿਕਟਾਂ ਦੀਆਂ ਕੀਮਤਾਂ 'ਚ ਹੇਰਾਫੇਰੀ ਕੀਤੀ ਗਈ ਹੈ।
ਇਸਦੇ ਨਾਲ ਹੀ, ਗ੍ਰਾਹਕਾਂ ਦੇ ਅਧਿਕਾਰ ਦੀ ਉਲੰਘਣਾ ਕਰਨ ਦਾ ਆਰੋਪ ਵੀ ਲਗਾਇਆ ਗਿਆ ਹੈ। ਦੱਸ ਦਈਏ ਕਿ ਜਿਸ ਕੁੜੀ ਨੇ ਨੋਟਿਸ ਭੇਜਿਆ ਹੈ, ਉਹ ਗਾਇਕ ਦਾ ਲਾਈਵ ਕੰਸਰਟ ਦੇਖਣ ਲਈ ਕਾਫ਼ੀ ਉਤਸ਼ਾਹਿਤ ਸੀ। ਪਰ ਉਸਨੂੰ ਟਿਕਟ ਨਹੀਂ ਮਿਲ ਪਾਈ। ਇਸ ਕਰਕੇ ਉਦਾਸ ਹੋ ਕੇ ਉਸਨੇ ਇਹ ਕਦਮ ਚੁੱਕਿਆ ਅਤੇ ਦਿਲਜੀਤ ਨੂੰ ਨੋਟਿਸ ਭੇਜ ਦਿੱਤਾ।