ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਹੋਲੀ ਤੋਂ ਪਹਿਲਾਂ ਪੈਰਾ ਮਿਲਟਰੀ ਫੋਰਸ ਨੂੰ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਕੰਟੀਨ ਦੀਆਂ ਚੀਜ਼ਾਂ 'ਤੇ ਸਿਰਫ਼ 50 ਫੀਸਦੀ ਜੀਐਸਟੀ ਦੇਣਾ ਹੋਵੇਗਾ। ਇਸ ਨਾਲ ਨੀਮ ਫੌਜੀ ਬਲਾਂ ਦੇ ਜਵਾਨਾਂ ਨੂੰ ਕੰਟੀਨ ਦਾ ਸਾਮਾਨ ਸਸਤੇ 'ਚ ਮਿਲ ਸਕੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਤੋਹਫੇ ਦਾ ਫਾਇਦਾ 11 ਲੱਖ ਸੈਨਿਕਾਂ ਨੂੰ ਹੋਵੇਗਾ।
ਗ੍ਰਹਿ ਮੰਤਰਾਲੇ ਨੇ ਦਿੱਤੀ ਖੁਸ਼ਖਬਰੀ: ਸਾਬਕਾ ਪੈਰਾ ਮਿਲਟਰੀ ਫੋਰਸਿਜ਼ ਪਰਸੋਨਲ ਵੈਲਫੇਅਰ ਐਸੋਸੀਏਸ਼ਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੇਂਦਰੀ ਪੁਲਿਸ ਕੰਟੀਨਾਂ ਦੇ ਦੇਸ਼ ਵਿਆਪੀ ਨੈਟਵਰਕ ਤੋਂ ਸਾਮਾਨ ਖਰੀਦਣ 'ਤੇ ਸੀਏਪੀਐਫ ਕਰਮਚਾਰੀਆਂ ਲਈ 50 ਪ੍ਰਤੀਸ਼ਤ ਜੀਐਸਟੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਹੈ। ਐਸੋਸੀਏਸ਼ਨ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ 'ਕੇਂਦਰੀ ਪੁਲਿਸ ਕਲਿਆਣ ਭੰਡਾਰ' (ਕੇਪੀਕੇਬੀ) ਜਾਂ ਕੇਂਦਰੀ ਪੁਲਿਸ ਭਲਾਈ ਸਟੋਰ, ਜੋ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਸਥਿਤ 1,700 ਤੋਂ ਵੱਧ ਕੰਟੀਨਾਂ ਦੀ ਲੜੀ ਚਲਾਉਂਦੀ ਹੈ, ਲਈ ਨੋਟੀਫਾਈ ਕੀਤੇ ਫੈਸਲੇ ਦਾ ਸਵਾਗਤ ਕੀਤਾ ਹੈ।
ਤੁਸੀਂ ਗ੍ਰਹਿ ਮੰਤਰਾਲੇ ਦੇ ਅਧੀਨ ਇਹ ਲਾਭ ਲੈ ਸਕਦੇ ਹੋ:ਗ੍ਰਹਿ ਮੰਤਰਾਲੇ (MHA) ਅਧੀਨ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPF) ਵਿੱਚ CRPF, BSF, CISF, ITBP ਅਤੇ SSB ਸ਼ਾਮਲ ਹਨ। ਇਨ੍ਹਾਂ ਕੰਟੀਨਾਂ ਦੀਆਂ ਸੇਵਾਵਾਂ ਕੁਝ ਹੋਰ ਕੇਂਦਰੀ ਪੁਲਿਸ ਸੰਸਥਾਵਾਂ ਜਿਵੇਂ ਕਿ ਬੀਪੀਆਰਡੀ ਅਤੇ ਐਨਸੀਆਰਬੀ ਨਾਲ ਜੁੜੇ ਕਰਮਚਾਰੀ ਵੀ ਲੈ ਸਕਦੇ ਹਨ। ਇਨ੍ਹਾਂ ਬਲਾਂ ਦੇ ਜਵਾਨਾਂ ਨੂੰ ਦੇਸ਼-ਵਿਦੇਸ਼ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸੁਰੱਖਿਆ ਜ਼ਿੰਮੇਵਾਰੀਆਂ ਨਿਭਾਉਣ ਦਾ ਕੰਮ ਸੌਂਪਿਆ ਜਾਂਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਕੰਟੀਨ ਤੋਂ ਖਰੀਦੀਆਂ ਜਾਣ ਵਾਲੀਆਂ ਚੀਜ਼ਾਂ 'ਤੇ ਗੁਡਸ ਐਂਡ ਸਰਵਿਸਿਜ਼ ਟੈਕਸ (ਜੀ.ਐੱਸ.ਟੀ.) 'ਚ 50 ਫੀਸਦੀ ਸਹਾਇਤਾ ਅਗਲੇ ਵਿੱਤੀ ਸਾਲ ਦੀ 1 ਅਪ੍ਰੈਲ ਤੋਂ ਲਾਗੂ ਹੋ ਜਾਵੇਗੀ। ਇਸ ਰਾਹਤ ਲਈ ਫੰਡ ਇਨ੍ਹਾਂ ਬਲਾਂ ਲਈ ਕੀਤੇ ਬਜਟ ਅਲਾਟਮੈਂਟ ਤੋਂ ਪੂਰਾ ਕੀਤਾ ਜਾਵੇਗਾ। ਕੇਂਦਰੀ ਪੁਲਿਸ ਕੰਟੀਨ ਇਨ੍ਹਾਂ ਬਲਾਂ ਦੇ ਲਗਭਗ 10 ਲੱਖ ਜਵਾਨਾਂ ਦੇ 50 ਲੱਖ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸੇਵਾਮੁਕਤ ਕਰਮਚਾਰੀਆਂ ਨੂੰ ਕਈ ਤਰ੍ਹਾਂ ਦੇ ਘਰੇਲੂ ਉਤਪਾਦਾਂ, ਕਰਿਆਨੇ, ਕੱਪੜੇ ਅਤੇ ਵਾਹਨਾਂ ਸਮੇਤ ਹੋਰ ਸਮਾਨ ਵੇਚ ਕੇ ਸਾਲਾਨਾ 2,800 ਕਰੋੜ ਰੁਪਏ ਤੋਂ ਵੱਧ ਦਾ ਅਨੁਮਾਨਤ ਟਰਨਓਵਰ ਪੈਦਾ ਕਰਦੀ ਹੈ।