ਨਵੀਂ ਦਿੱਲੀ:ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਲਗਾਤਾਰ ਦੂਜੇ ਮਹੀਨੇ ਵਾਧਾ ਕੀਤਾ ਗਿਆ ਹੈ। ਇਹ ਵਾਧਾ ਅੱਜ ਤੋਂ ਹੀ ਲਾਗੂ ਹੋ ਗਿਆ ਹੈ। ਹਾਲਾਂਕਿ ਹਰ ਮਹੀਨੇ ਦੇ ਪਹਿਲੇ ਦਿਨ ਤੇਲ ਕੰਪਨੀਆਂ ਵੱਲੋਂ ਕੀਮਤਾਂ ਵਧੀਆਂ ਜਾਂ ਘਟਾਈਆਂ ਜਾਂਦੀਆਂ ਹਨ। ਰਾਹਤ ਦੀ ਗੱਲ ਇਹ ਹੈ ਕਿ 14 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।
ਤੇਲ ਮਾਰਕੀਟਿੰਗ ਕੰਪਨੀਆਂ ਨੇ ਐਤਵਾਰ ਤੋਂ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ 39 ਰੁਪਏ ਵਧਾ ਦਿੱਤੀ ਹੈ। ਵਾਧੇ ਤੋਂ ਬਾਅਦ ਦਿੱਲੀ 'ਚ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਪ੍ਰਚੂਨ ਵਿਕਰੀ ਕੀਮਤ 1,691.50 ਰੁਪਏ ਹੋ ਗਈ ਹੈ।
ਮੁੰਬਈ 'ਚ ਇਸ ਦੀ ਕੀਮਤ 1605 ਰੁਪਏ ਤੋਂ ਵਧ ਕੇ 1644 ਰੁਪਏ ਹੋ ਗਈ। ਇਸੇ ਤਰ੍ਹਾਂ ਕੋਲਕਾਤਾ 'ਚ ਇਸ ਦੀ ਕੀਮਤ 1764.50 ਰੁਪਏ ਤੋਂ ਵਧਾ ਕੇ 1802.50 ਰੁਪਏ ਹੋ ਗਈ। ਇਸ ਦੇ ਨਾਲ ਹੀ ਚੇਨਈ 'ਚ ਇਸ ਦੀ ਕੀਮਤ ਵਧ ਕੇ 1855 ਰੁਪਏ ਹੋ ਗਈ। ਵਾਧੇ ਤੋਂ ਪਹਿਲਾਂ ਇੱਥੇ ਇਸ ਦੀ ਕੀਮਤ 1817 ਰੁਪਏ ਸੀ। ਇੰਡੀਅਨ ਆਇਲ ਕੰਪਨੀ ਦੀ ਵੈੱਬਸਾਈਟ 'ਤੇ ਜਾਰੀ ਕੀਮਤਾਂ ਮੁਤਾਬਕ ਇਹ ਵਾਧਾ ਅੱਜ ਤੋਂ ਲਾਗੂ ਹੋ ਗਿਆ ਹੈ।
ਪਿਛਲੇ ਮਹੀਨੇ ਕੀਮਤਾਂ 'ਚ 8.50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 1 ਜੁਲਾਈ ਨੂੰ ਕਾਰੋਬਾਰਾਂ ਅਤੇ ਵਪਾਰਕ ਉੱਦਮਾਂ ਨੂੰ ਰਾਹਤ ਦੇਣ ਲਈ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਸੀ। 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 30 ਰੁਪਏ ਦੀ ਕਟੌਤੀ ਕੀਤੀ ਗਈ ਸੀ। ਨਤੀਜੇ ਵਜੋਂ, ਦਿੱਲੀ ਵਿੱਚ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਨਵੀਂ ਪ੍ਰਚੂਨ ਵਿਕਰੀ ਕੀਮਤ 1646 ਰੁਪਏ ਹੋ ਗਈ ਸੀ। 1 ਜੂਨ ਨੂੰ ਦਿੱਲੀ ਵਿੱਚ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 69.50 ਰੁਪਏ ਦੀ ਕਟੌਤੀ ਕੀਤੀ ਗਈ ਸੀ, ਜਿਸ ਨਾਲ ਪ੍ਰਚੂਨ ਵਿਕਰੀ ਮੁੱਲ 1676 ਰੁਪਏ ਹੋ ਗਿਆ ਸੀ। ਇਸ ਤੋਂ ਪਹਿਲਾਂ 1 ਮਈ 2024 ਨੂੰ 19 ਰੁਪਏ ਪ੍ਰਤੀ ਸਿਲੰਡਰ ਦੀ ਕਟੌਤੀ ਕੀਤੀ ਗਈ ਸੀ।
ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ, ਟੈਕਸ ਨੀਤੀ, ਮੰਗ-ਪੂਰਤੀ ਵਰਗੇ ਵੱਖ-ਵੱਖ ਕਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਨੂੰ ਨਿਰਧਾਰਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਹਾਲਾਂਕਿ ਹਾਲ ਹੀ ਦੀਆਂ ਕੀਮਤਾਂ ਵਿੱਚ ਬਦਲਾਅ ਦੇ ਪਿੱਛੇ ਸਹੀ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਇਹ ਸਪੱਸ਼ਟ ਹੈ ਕਿ ਤੇਲ ਮਾਰਕੀਟਿੰਗ ਕੰਪਨੀਆਂ ਮੈਕਰੋ-ਆਰਥਿਕ ਸਥਿਤੀਆਂ ਅਤੇ ਬਾਜ਼ਾਰਾਂ ਪ੍ਰਤੀ ਜਵਾਬਦੇਹ ਹਨ।