ਝਾਰਖੰਡ/ਰਾਂਚੀ: ਬਾਲ ਵਿਆਹ ਕਾਨੂੰਨੀ ਅਪਰਾਧ ਹੈ। ਇਸ ਦੇ ਬਾਵਜੂਦ ਵੀ ਛੋਟੀਆਂ ਬੱਚੀਆਂ ਨੂੰ ਦੁਲਹਨ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਅਜਿਹਾ ਹੀ ਕੁਝ ਆਦਿਵਾਸੀ ਭਾਈਚਾਰੇ ਦੀ ਦੁਰਗਾ (ਬਦਲਿਆ ਹੋਇਆ ਨਾਂ) ਨਾਲ ਵੀ ਹੋਣ ਵਾਲਾ ਸੀ। ਪਰ ਉਸ ਨੇ ਅਜਿਹਾ ਫੈਸਲਾ ਕੀਤਾ ਕਿ ਜੋ ਸੋਚਣ ਸਮਝਣ ਤੋਂ ਪਰੇ ਹੈ।
ਕੁੜੀ ਅਜੇ 15 ਸਾਲ ਦੀ ਵੀ ਨਹੀਂ ਹੋਈ ਸੀ। ਗੁਆਂਢੀ ਤੋਂ ਪਤਾ ਲੱਗਾ ਕਿ ਉਸ ਦੀ ਭਰਜਾਈ ਨੇ ਵਿਆਹ ਲਈ ਲੜਕਾ ਲੱਭ ਲਿਆ ਹੈ। ਇਸ ਖ਼ਬਰ ਨੇ ਦੁਰਗਾ ਨੂੰ ਝੰਜੋੜ ਕੇ ਰੱਖ ਦਿੱਤਾ। ਮਨ ਵਿਚ ਇਕ ਹੀ ਖਿਆਲ ਆਇਆ ਕਿ ਜੇਕਰ ਉਹ ਬਦਸੂਰਤ ਲੱਗੇਗੀ ਤਾਂ ਮੁੰਡਾ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦੇਵੇਗਾ। ਇਹ ਸੋਚ ਕੇ ਉਹ ਪਿੰਡ ਦੇ ਨੇੜੇ ਇੱਕ ਸੈਲੂਨ ਵਿੱਚ ਗਈ ਅਤੇ ਮੁੰਡਿਆਂ ਵਾਂਗ ਆਪਣਾ ਹੇਅਰ ਸਟਾਈਲ ਕਟਵਾ ਲਿਆ। ਪਰ ਉਸਨੂੰ ਭਰਾ-ਭਾਬੀ ਦਾ ਡਰ ਸੀ। ਫਿਰ ਉਸ ਨੂੰ ਆਸ਼ਾ ਨਾਂ ਦੀ ਸਮਾਜਕ ਸੰਸਥਾ ਵੱਲੋਂ ਚਲਾਏ ਜਾਂਦੇ ਹੋਸਟਲ ਦੀ ਯਾਦ ਆਈ ਤਾਂ ਉਥੋਂ ਭੱਜ ਨਿਕਲੀ ਅਤੇ ਹੋਸਟਲ ਵਿੱਚ ਚਲੀ ਗਈ।
ਦੁਰਗਾ ਦੇ ਦਰਦ ਵਿੱਚ ਲੁਕੀ ਹੈ ਪ੍ਰੇਰਨਾ
ਦੁਰਗਾ ਨੇ ਫੋਨ 'ਤੇ ਈਟੀਵੀ ਭਾਰਤ ਟੀਮ ਨੂੰ ਆਪਣੀ ਹੱਡਬੀਤੀ ਦੱਸੀ। ਉਸ ਨੇ ਦੱਸਿਆ ਕਿ ਉਸਦੇ ਪਿਤਾ ਦਾ ਛੇ-ਸੱਤ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਉਹ ਆਪਣੀ ਮਾਂ ਨਾਲ ਇੱਟਾਂ ਦੇ ਭੱਠੇ 'ਤੇ ਕੰਮ ਕਰਦੀ ਸੀ। ਉਸ ਸਮੇਂ ਦੁਰਗਾ ਮਹਿਜ਼ ਸੱਤ-ਅੱਠ ਸਾਲ ਦੀ ਹੋਵੇਗੀ। ਉਹ ਇੱਟਾਂ ਦੇ ਭੱਠੇ ਵਿੱਚ ਵੀ ਕੰਮ ਕਰਦੀ ਸੀ। ਪਿਤਾ ਦਾ ਦੇਹਾਂਤ ਹੁੰਦੇ ਹੀ ਮਾਂ ਨੇ ਕਿਸੇ ਹੋਰ ਨਾਲ ਵਿਆਹ ਕਰ ਲਿਆ। ਦੁਰਗਾ ਦੀਆਂ ਦੋ ਵੱਡੀਆਂ ਭੈਣਾਂ ਵਿਆਹੀਆਂ ਹੋਈਆਂ ਸਨ। ਇਸ ਲਈ ਉਸ ਨੂੰ ਆਪਣੇ ਭਰਾ ਅਤੇ ਭਰਜਾਈ ਦਾ ਸਹਾਰਾ ਸੀ। ਉਹ ਬੋਝ ਨਹੀਂ ਬਣਨਾ ਚਾਹੁੰਦੀ ਸੀ। ਇਸ ਲਈ, ਉਹ ਆਸ਼ਾ ਸੰਸਥਾ ਦੇ ਹੋਸਟਲ ਵਿੱਚ ਆ ਗਈ ਅਤੇ ਨੇੜਲੇ ਸਰਕਾਰੀ ਸਕੂਲ ਵਿੱਚ ਪੜ੍ਹਨ ਲੱਗੀ।
ਇਸ ਦੌਰਾਨ ਭਰਾ ਅਤੇ ਭਰਜਾਈ ਉਸ ਕੋਲ ਆ ਗਏ। ਉਹ ਉਸ ਤੋਂ ਘਰ ਦੇ ਸਾਰੇ ਕੰਮ ਕਰਵਾਉਣ ਲੱਗ ਪਏ। ਦੁਰਗਾ ਬੇਵੱਸ ਸੀ। ਪਰ ਜਦੋਂ ਉਸ ਦੇ ਵਿਆਹ ਦੀ ਖ਼ਬਰ ਉਸ ਦੇ ਕੰਨੀ ਪਈ ਤਾਂ ਉਹ ਗੁੱਸੇ ਵਿੱਚ ਇਕਦਮ ਚੰਡੀ ਬਣ ਗਈ। ਉਸ ਨੇ ਆਪਣੀ ਕਿਸਮਤ ਖੁਦ ਲਿਖਣ ਬਾਰੇ ਸੋਚਿਆ। ਅੱਜ ਉਹ ਸਰਕਾਰੀ ਸਕੂਲ ਵਿੱਚ 7ਵੀਂ ਜਮਾਤ ਵਿੱਚ ਪੜ੍ਹਦੀ ਹੈ। ਉਹ ਵੱਡੀ ਹੋ ਕੇ ਪੁਲਿਸ ਅਫਸਰ ਬਣਨਾ ਚਾਹੁੰਦੀ ਹੈ। ਉਹ ਫੁੱਟਬਾਲ ਚੰਗੀ ਤਰ੍ਹਾਂ ਖੇਡਦੀ ਹੈ। ਦੁਰਗਾ ਨੇ ਦੱਸਿਆ ਕਿ ਉਸ ਨੇ ਆਪਣੀ ਮਾਂ ਨੂੰ ਦੇਖੇ ਹੋਏ ਜਮਾਨਾ ਗੁਜਰ ਗਿਆ। ਸੁਣਿਆ ਹੈ ਕਿ ਉਹ ਰਾਂਚੀ ਵਿੱਚ ਰਹਿੰਦੀ ਹੈ। ਉਹ ਕਦੇ ਵੀ ਉਸ ਦਾ ਹਾਲ-ਚਾਲ ਪੁੱਛਣ ਨਹੀਂ ਆਈ। ਹੁਣ ਦੁਰਗਾ ਨਹੀਂ ਚਾਹੁੰਦੀ ਕਿ ਉਸ ਨਾਲ ਜੋ ਹੋਇਆ ਉਹ ਦੂਜੀਆਂ ਕੁੜੀਆਂ ਨਾਲ ਵਾਪਰੇ।