ਨਵੀਂ ਦਿੱਲੀ: ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਰੂਸੀ ਸੈਨਾ ਵਿੱਚ ਸਹਾਇਤਾ ਕਰਮਚਾਰੀਆਂ ਵਜੋਂ ਕੰਮ ਕਰ ਰਹੇ ਲਗਭਗ 20 ਭਾਰਤੀਆਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਵਾਪਸ ਲਿਆਉਣ ਲਈ ਸਾਰੇ ਯਤਨ ਕਰ ਰਹੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇੱਥੇ ਆਪਣੀ ਹਫਤਾਵਾਰੀ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ 'ਸਾਡਾ ਮੰਨਣਾ ਹੈ ਕਿ ਕਰੀਬ 20 ਲੋਕ (ਭਾਰਤੀ) ਰੂਸੀ ਫੌਜ 'ਚ ਸਹਾਇਕ ਸਟਾਫ ਜਾਂ ਸਹਾਇਕ ਵਜੋਂ ਕੰਮ ਕਰਨ ਗਏ ਹਨ।'
ਉਨ੍ਹਾਂ ਕਿਹਾ, 'ਅਸੀਂ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।' ਜੈਸਵਾਲ ਨੇ ਕਿਹਾ ਕਿ 20 ਲੋਕਾਂ ਨੇ ਮਾਸਕੋ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਰੂਸੀ ਫੌਜ 'ਚ ਸੁਰੱਖਿਆ ਸਹਾਇਕ ਦੇ ਤੌਰ 'ਤੇ ਭਰਤੀ ਕੀਤੇ ਗਏ ਕਈ ਭਾਰਤੀਆਂ ਨੂੰ ਵੀ ਯੂਕਰੇਨ ਨਾਲ ਲੱਗਦੀ ਰੂਸ ਦੀ ਸਰਹੱਦ ਦੇ ਕੁਝ ਇਲਾਕਿਆਂ 'ਚ ਰੂਸੀ ਫੌਜੀਆਂ ਨਾਲ ਮਿਲ ਕੇ ਲੜਨ ਲਈ ਮਜ਼ਬੂਰ ਹੋਣਾ ਪਿਆ ਹੈ।