ਸ਼੍ਰੀਨਗਰ—ਜੰਮੂ-ਕਸ਼ਮੀਰ ਅੱਤਵਾਦੀ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ।ਐਤਵਾਰ ਨੂੰ ਵੀ ਸ੍ਰੀਨਗਰ 'ਚ ਅੱਤਵਾਦੀ ਹਮਲਾ ਹੋਇਆ। ਅੱਤਵਾਦੀਆਂ ਨੇ ਟੀਆਰਸੀ ਅਤੇ ਸੰਡੇ ਮਾਰਕਿਟ 'ਤੇ ਗ੍ਰਨੇਡ ਸੁੱਟੇ, ਜਿਸ 'ਚ 10 ਤੋਂ ਜ਼ਿਆਦਾ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਇਲਾਕੇ 'ਚ ਹਫਤਾਵਾਰੀ ਸੰਡੇ ਬਾਜ਼ਾਰ ਲਈ ਦੁਕਾਨਦਾਰਾਂ ਦੀ ਭਾਰੀ ਭੀੜ ਸੀ। ਗ੍ਰਨੇਡ ਧਮਾਕੇ ਤੋਂ ਬਾਅਦ ਇਲਾਕੇ 'ਚ ਹਫੜਾ-ਦਫੜੀ ਮਚ ਗਈ।
ਕਿੱਥੇ ਸੁੱਟਿਆ ਗ੍ਰਨੇਡ
ਸੂਤਰਾਂ ਨੇ ਦੱਸਿਆ ਕਿ ਟੂਰਿਜ਼ਮ ਰਿਸੈਪਸ਼ਨ ਸੈਂਟਰ (ਟੀਆਰਸੀ) ਦੇ ਖੇਡ ਮੈਦਾਨ ਦੇ ਬਾਹਰ ਗ੍ਰਨੇਡ ਸੁੱਟਿਆ ਗਿਆ, ਜਿਸ ਨਾਲ ਘੱਟੋ-ਘੱਟ 12 ਨਾਗਰਿਕ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਸ੍ਰੀਨਗਰ ਦੇ ਐਸਐਮਐਚਐਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਿਕ ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਹੈ।
ਹਮਲਾਵਰਾਂ ਨੂੰ ਫੜਨ ਦੀ ਕੋਸ਼ਿਸ਼ ਜਾਰੀ...
ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਆਪਣੇ ਨਿਸ਼ਾਨੇ ਤੋਂ ਖੁੰਝ ਗਏ ਕਿਉਂਕਿ ਗ੍ਰਨੇਡ ਵਿਅਸਤ ਬਾਜ਼ਾਰ 'ਚ ਸੁੱਟਿਆ ਗਿਆ, ਜਿਸ ਨਾਲ ਕਈ ਨਾਗਰਿਕ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਥਾਂ 'ਤੇ ਵਾਧੂ ਬਲ ਭੇਜੇ ਗਏ ਹਨ ਅਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਅਧਿਕਾਰੀ ਨੇ ਕਿਹਾ ਕਿ ਹਮਲਾਵਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅੱਤਵਾਦੀ ਛੋਟਾ ਵਲੀਦ ਮੁਕਾਬਲੇ 'ਚ ਢੇਰ
ਤੁਾਹਨੂੰ ਦੱਸ ਦਈਏ ਕਿ ਇੱਕ ਦਿਨ ਪਹਿਲਾਂ ਹੀ ਸ੍ਰੀਨਗਰ ਸ਼ਹਿਰ ਦੇ ਖਾਨਯਾਰ ਇਲਾਕੇ ਵਿੱਚ ਸੁਰੱਖਿਆ ਬਲਾਂ ਵੱਲੋਂ ਮੁਕਾਬਲੇ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਸੀ। ਇਸ ਮੁਕਾਬਲੇ ਵਿੱਚ ਦੋ ਪੁਲਿਸ ਮੁਲਾਜ਼ਮ ਅਤੇ ਦੋ ਸਿਪਾਹੀ ਜ਼ਖ਼ਮੀ ਹੋ ਗਏ। ਕਸ਼ਮੀਰ ਦੇ ਪੁਲਿਸ ਇੰਸਪੈਕਟਰ ਜਨਰਲ ਨੇ ਜਾਣਕਾਰੀ ਦਿੱਤੀ ਸੀ ਕਿ ਮਾਰੇ ਗਏ ਅੱਤਵਾਦੀ ਦੀ ਪਛਾਣ ਮੋਸਟ ਵਾਂਟੇਡ ਪਾਕਿਸਤਾਨੀ ਅੱਤਵਾਦੀ ਕਮਾਂਡਰ ਉਸਮਾਨ ਉਰਫ਼ ਛੋਟਾ ਵਲੀਦ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀ ਉਸਮਾਨ ਨਵੰਬਰ 2023 'ਚ ਇੰਸਪੈਕਟਰ ਮਸਰੂਰ ਅਹਿਮਦ ਵਾਨੀ ਦੇ ਕਤਲ 'ਚ ਸ਼ਾਮਲ ਸੀ।