ਹੈਦਰਾਬਾਦ:ਤੇਲੰਗਾਨਾ ਦੇ ਰੰਗਰੇਡੀ ਜ਼ਿਲੇ ਦੇ ਮੀਰਪੇਟ 'ਚ ਰੌਂਗਟੇ ਖੜ੍ਹੇ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਸਾਬਕਾ ਫੌਜੀ ਆਪਣੀ ਪਤਨੀ ਲਈ ਦਰਿੰਦਾ ਬਣ ਗਿਆ ਅਤੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਫੌਜੀ ਗੁਰੂ ਮੂਰਤੀ ਨੇ ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਕਥਿਤ ਤੌਰ 'ਤੇ ਲਾਸ਼ ਦੇ ਟੁਕੜੇ ਕਰ ਦਿੱਤੇ ਅਤੇ ਫਿਰ ਕੂਕਰ 'ਚ ਪਕਾਇਆ।
ਅਧਿਕਾਰੀਆਂ ਨੇ ਦੱਸਿਆ ਕਿ 18 ਜਨਵਰੀ ਨੂੰ ਮੁਲਜ਼ਮ ਗੁਰੂ ਮੂਰਤੀ ਨੇ ਆਪਣੇ ਮਾਤਾ-ਪਿਤਾ ਨਾਲ ਹੈਦਰਾਬਾਦ ਦੇ ਬਾਹਰਵਾਰ ਮੀਰਪੇਟ ਸਥਿਤ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਪਤਨੀ ਵੈਂਕਟ ਮਾਧਵੀ ਲਾਪਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਪਤੀ-ਪਤਨੀ 'ਚ ਪਿਛਲੇ ਕੁਝ ਦਿਨ੍ਹਾਂ ਤੋਂ ਲੜਾਈ ਚੱਲ ਰਹੀ ਸੀ।
ਇਸ ਤੋਂ ਬਾਅਦ ਪੁਲਿਸ ਨੇ ਗੁਰੂ ਮੂਰਤੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ। ਜਿਸ ਤੋਂ ਬਾਅਦ ਇਸ ਦੀ ਸੱਚਾਈ ਸਾਹਮਣੇ ਆਈ। ਮੁਲਜ਼ਮ ਨੇ ਮੰਨਿਆ ਕਿ ਉਸ ਨੇ ਆਪਣੀ ਪਤਨੀ ਦਾ ਕਤਲ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਲਾਸ਼ ਦੇ ਟੁਕੜੇ ਕਰ ਕੇ ਕੂਕਰ ਵਿੱਚ ਪਕਾਏ ਅਤੇ ਫਿਰ ਛੱਪੜ ਵਿੱਚ ਸੁੱਟ ਦਿੱਤਾ। ਫਿਲਹਾਲ ਪੁਲਿਸ ਗੁਰੂ ਮੂਰਤੀ ਦੇ ਬਿਆਨ ਦੇ ਆਧਾਰ 'ਤੇ ਸਬੂਤ ਇਕੱਠੇ ਕਰਨ 'ਚ ਲੱਗੀ ਹੋਈ ਹੈ। ਲਾਸ਼ ਦੇ ਟੁਕੜਿਆਂ ਦੀ ਭਾਲ ਕੀਤੀ ਜਾ ਰਹੀ ਹੈ।
ਦੋਵਾਂ ਦਾ ਵਿਆਹ 13 ਸਾਲ ਪਹਿਲਾਂ ਹੋਇਆ ਸੀ
ਗੁਰੂ ਮੂਰਤੀ ਫੌਜ ਵਿੱਚ ਸੇਵਾ ਨਿਭਾਅ ਰਹੇ ਸਨ ਅਤੇ ਸੇਵਾਮੁਕਤ ਹੋ ਚੁੱਕੇ ਹਨ। ਇਸ ਵੇਲੇ ਕੰਚਨਬਾਗ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਿਹਾ ਹੈ। ਗੁਰੂ ਮੂਰਤੀ ਦਾ ਵਿਆਹ 13 ਸਾਲ ਪਹਿਲਾਂ ਵੈਂਕਟ ਮਾਧਵੀ ਨਾਲ ਹੋਇਆ ਸੀ। ਦੋਵਾਂ ਦੇ ਦੋ ਬੱਚੇ ਹਨ। ਮੀਰਪੇਟ ਪੁਲਿਸ ਨੇ ਦੱਸਿਆ ਕਿ ਇਸ ਕਤਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਪੂਰੀ ਜਾਣਕਾਰੀ ਸਾਹਮਣੇ ਆਵੇਗੀ।