ਸ਼੍ਰੀਨਗਰ:ਸ਼੍ਰੀਨਗਰ ਤੋਂ 55 ਕਿਲੋਮੀਟਰ ਦੂਰ ਸੈਰ-ਸਪਾਟਾ ਸ਼ਹਿਰ ਗੁਲਮਰਗ 'ਚ ਬੁੱਧਵਾਰ ਨੂੰ ਕਸ਼ਮੀਰ ਦੇ ਸਾਬਕਾ ਸ਼ਾਹੀ ਪਰਿਵਾਰ ਨਾਲ ਸਬੰਧਤ 109 ਸਾਲ ਪੁਰਾਣੇ ਸ਼ਿਵ ਮੰਦਿਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਕਸ਼ਮੀਰ ਦੇ ਆਖ਼ਰੀ ਰਾਜਾ ਮਹਾਰਾਜਾ ਹਰੀ ਸਿੰਘ ਦੀ ਰਾਣੀ ਮੋਹਿਨੀ ਬਾਈ ਸਿਸੋਦੀਆ ਦੁਆਰਾ 1915 ਵਿੱਚ ਬਣਵਾਇਆ ਗਿਆ, ਇਹ ਮੰਦਿਰ ਮੋਹਿਨੇਸ਼ਵਰ ਸ਼ਿਵਾਲੇ ਸ਼ਿਵ ਮੰਦਿਰ ਵਜੋਂ ਜਾਣਿਆ ਜਾਂਦਾ ਸੀ। ਜਿਸ ਨੂੰ ਮਹਾਰਾਣੀ ਮੰਦਰ ਵੀ ਕਿਹਾ ਜਾਂਦਾ ਹੈ। ਇਹ ਘਾਹ ਦੇ ਮੈਦਾਨਾਂ ਨਾਲ ਘਿਰੀ ਇੱਕ ਪਹਾੜੀ ਉੱਤੇ ਸਥਿਤ ਸੀ।
ਮੰਦਿਰ ਦਾ ਵਿਲੱਖਣ ਪਿਰਾਮਿਡ ਗੁੰਬਦ ਲੱਕੜ ਅਤੇ ਪੱਥਰ ਦਾ ਬਣਿਆ, ਖਿੜਕੀਆਂ ਵਾਲੇ ਡੋਰਮਰਸ ਦੇ ਨਾਲ, ਇੱਕ ਮਹੱਤਵਪੂਰਣ ਵਿਸ਼ੇਸ਼ਤਾ ਹੈ, ਜੋ ਗੁਲਮਰਗ ਦੇ ਸਾਰੇ ਕੋਨਿਆਂ ਤੋਂ ਦਿਖਾਈ ਦਿੰਦੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਅਤੇ ਸਥਾਨਕ ਲੋਕਾਂ ਨੇ ਅੱਗ ਬੁਝਾਉਣ ਵਿੱਚ ਮਦਦ ਕੀਤੀ ਪਰ ਮੰਦਿਰ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਉਧਰ ਮੰਦਿਰ ਦੇ ਪੁਜਾਰੀ ਪੁਰਸ਼ੋਤਮ ਸ਼ਰਮਾ ਨੇ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਬਿਜਲੀ ਦੇ ਨੁਕਸ ਕਾਰਨ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ। ਉਨ੍ਹਾਂ ਨੇ ਅੱਗਜ਼ਨੀ ਦੀਆਂ ਅਫਵਾਹਾਂ ਨੂੰ ਵੀ ਖਾਰਜ ਕੀਤਾ।