ਪੰਜਾਬ-ਪਾਕਿਸਤਾਨ ਵਿਚਾਲੇ ਵਪਾਰ ਸ਼ੁਰੂ ਕਰਨ ਨੂੰ ਲੈ ਕੇ ਰੱਖੀ ਇਹ ਮੰਗ ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਆਗੂ ਅਤੇ ਲੋਕ ਸਭਾ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਇੱਕ ਵਾਰ ਮੁੜ ਸੰਸਦ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਖੁੱਲ੍ਹ ਕੇ ਮੰਗ ਕੀਤੀ ਹੈ। ਇਸ ਦੌਰਾਨ ਜਿੱਥੇ ਹਰਸਿਮਰਤ ਬਾਦਲ ਨੇ ਪੰਜਾਬ ਦੇ ਕਿਸਾਨਾਂ ਵਲੋਂ ਸਰਹੱਦ ਪਾਰ ਖੇਤੀ ਕਰਨ ਨੂੰ ਲੈ ਕੇ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪੰਜਾਬੀ ਲਾਗੂ ਕਰਨ, ਪਾਕਿਸਤਾਨ ਨਾਲ ਵਪਾਰਕ ਸਬੰਧ ਸ਼ੁਰੂ ਕਰਨ ਨੂੰ ਲੈ ਕੇ ਅਤੇ ਹੋਰ ਕਈ ਜ਼ਰੂਰੀ ਗੱਲਾਂ ਰੱਖੀਆਂ ਗਈਆਂ।
ਚੰਡੀਗੜ੍ਹ ਮੁੱਦਾ :ਹਰਸਿਮਰਤ ਬਾਦਲ ਨੇ ਸੰਸਦ ਵਿੱਚ ਬੋਲਦਿਆ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਪੰਜਾਬ ਨਾਲ ਕਈ ਇਤਿਹਾਸਿਤ ਧੱਕੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ, "1966 ਵਿੱਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਤਹਿਤ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਵਾਧਾ ਕੀਤਾ ਸੀ ਕਿ ਚੰਡੀਗੜ੍ਹ, ਪੰਜਾਬ ਨੂੰ ਟਰਾਂਸਫਰ ਹੋਵੇਗਾ, ਪਰ ਰਾਤੋਂ-ਰਾਤ ਉਸ ਗੱਲ ਤੋਂ ਵੀ ਮੁਕਰ ਗਏ।"
ਉਨ੍ਹਾਂ ਕਿਹਾ ਕਿ, "ਚੰਡੀਗੜ੍ਹ ਸਾਡੇ ਪੰਜਾਬ ਦੀ ਰਾਜਧਾਨੀ ਵਿੱਚ ਪੰਜਾਬੀ ਭਾਸ਼ਾ ਨੂੰ ਲਾਗੂ ਕੀਤਾ ਜਾਵੇ। ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੇ ਅਸਥਾਈ ਰਾਜਧਾਨੀ ਹੈ ਜਿਸ ਕਰਕੇ ਇੱਥੋ ਦੇ ਕਾਡਰ ਅਫ਼ਸਰ 60:40 ਅਨੁਪਾਤ ਚੋਂ ਪੰਜਾਬ ਤੇ ਚੰਡੀਗੜ੍ਹ ਚੋਂ ਲੈਣੇ ਚਾਹੀਦੇ ਹਨ। ਜਦਕਿ ਹਰਿਆਣਾ ਸਰਕਾਰ ਨੇ ਇਸ ਅਨੁਪਾਤ ਨੂੰ ਬਦਲ ਕੇ ਦੂਜੇ ਅਫਸਰਾਂ ਦੀ ਗਿਣਤੀ ਵਧ ਰਹੀ ਅਤੇ ਪੰਜਾਬ ਦੇ ਅਫਸਰਾਂ ਦੀ ਗਿਣਤੀ ਘੱਟ ਰਹੀ ਹੈ ਜਿਸ ਕਾਰਨ ਪੰਜਾਬ ਦਾ ਚੰਡੀਗੜ੍ਹ ਉੱਤੇ ਹੱਕ ਘੱਟ ਰਿਹਾ ਹੈ।"
ਪਾਣੀ ਅਤੇ ਬੀਬੀਐਮਬੀ ਦਾ ਮੁੱਦਾ:ਹਰਸਿਮਰਤ ਬਾਦਲ ਨੇ ਪਾਣੀ ਦੇ ਮੁੱਦੇ ਉੱਤੇ ਬੋਲਦਿਆ ਕਿਹਾ ਕਿ, "ਹਿੰਦੁਸਤਾਨ ਵਿੱਚ ਪੰਜਾਬ ਇਕਲੌਤਾ ਸੂਬਾ ਹੈ, ਜਿਸ ਦਾ ਆਪਣੀ ਰਾਜਧਾਨੀ ਨਹੀਂ ਹੈ ਅਤੇ ਸਾਡਾ ਪਾਣੀ ਵੀ ਆਪਣਾ ਨਹੀਂ ਹੈ। ਇਸ ਕਾਂਗਰਸ ਦੇ ਮੰਤਰੀ ਨੇ ਇੰਦਰਾ ਗਾਂਧੀ ਦੇ ਕਹਿਣ ਉੱਤੇ ਪੰਜਾਬ ਨਾਲ ਧੱਕਾ ਕਰਕੇ, ਸਾਰਾ ਪਾਣੀ ਰਾਜਸਥਾਨ ਨੂੰ ਦੇ ਦਿੱਤਾ, ਉਲਟਾ ਇਸ ਲਈ ਸਾਨੂੰ ਕੁਝ ਨਹੀਂ ਮਿਲ ਰਿਹਾ। ਰੀਪੇਰੀਅਨ ਪ੍ਰਿੰਸੀਪਲ ਨੂੰ ਫੋਲੋ ਨਹੀਂ ਕੀਤਾ ਗਿਆ, ਇਸ ਮੁਤਾਬਕ ਪਾਣੀ ਉੱਤੇ ਪਹਿਲਾਂ ਹੱਕ ਪੰਜਾਬ ਦਾ ਬਣਦਾ ਹੈ। ਸਾਡਾ ਪਾਣੀ ਸਾਨੂੰ ਵਾਪਿਸ ਕੀਤਾ ਜਾਵੇ, ਅਸੀਂ ਦੇਖਾਂਗੇ ਕਿ ਪਾਣੀ ਕਿਸ ਨੂੰ ਵੇਚਣਾ ਹੈ ਜਾਂ ਕਿਸ ਨੂੰ ਨਹੀਂ।"
ਬੀਬੀਐਮਬੀ ਵਿੱਚ ਪਹਿਲਾਂ ਸਾਡਾ ਮੈਂਬਰ ਹੁੰਦਾ ਸੀ, ਉਸ ਵਿੱਚ ਵੀ ਅਜਿਹੇ ਬਦਲਾਅ ਕੀਤੇ ਕਿ ਅੱਜ ਬੀਬੀਐਮਬੀ ਵਿੱਚ ਪੰਜਾਬ ਦਾ ਕੋਈ ਮੈਂਬਰ ਨਹੀਂ ਹੈ, ਹੋਰਨਾਂ ਸੂਬਿਆਂ ਤੋਂ ਮੈਂਬਰ ਸ਼ਾਮਲ ਹਨ।
ਪਾਕਿਸਤਾਨ ਨਾਲ ਵਪਾਰ ਦਾ ਮੁੱਦਾ: ਹਰਸਿਮਰਤ ਕੌਰ ਬਾਦਲ ਨੇ ਸੰਸਦ ਵਿੱਚ ਪੰਜਾਬ ਤੇ ਪਾਕਿਸਤਾਨ ਵਿਚਾਲੇ ਵਪਾਰ ਕਰਨ ਬਾਰੇ ਵੀ ਮੰਗ ਰੱਖੀ। ਉਨ੍ਹਾਂ ਕਿਹਾ ਕਿ, ਵਪਾਰ ਕਰਨ ਲਈ ਪੰਜਾਬ ਦਾ ਅਟਾਰੀ-ਵਾਹਗਾ ਅਤੇ ਫਿਰੋਜ਼ਪੁਰ ਦਾ ਬਾਰਡਰ ਖੋਲ੍ਹਿਆ ਜਾਵੇ, ਜਿਵੇਂ ਤੁਸੀ ਮੁੰਬਈ ਤੋਂ ਕਰਾਚੀ ਵਪਾਰ ਕੀਤਾ ਜਾ ਰਿਹਾ ਹੈ, ਉਸ ਤਰਜ਼ ਉੱਤੇ ਪੰਜਾਬ ਵਿੱਚ ਵੀ ਇਹ ਕਦਮ ਚੁੱਕਿਆ ਜਾਵੇ। ਉਮੀਦ ਹੈ ਕਿ ਜਲਦ ਕੇਂਦਰ ਸਰਕਾਰ ਇਸ ਬਾਰੇ ਸੋਚੇਗੀ, ਤਾਂ ਜੋ ਪੰਜਾਬ ਵਿੱਚ ਵਪਾਰ ਵਧੇ, ਰੁਜ਼ਗਾਰ ਮਿਲੇ ਅਤੇ ਪੰਜਾਬ ਖੁਸ਼ਹਾਲ ਬਣ ਸਕੇ। ਬੀਬੀ ਬਾਦਲ ਨੇ ਕਿਹਾ ਕਿ ਜਿਵੇਂ ਸਰਹੱਦੀ ਜ਼ਿਲ੍ਹਿਆਂ ਨੂੰ ਪਿਛੜੇ ਜ਼ਿਲ੍ਹੇ ਤਹਿਤ ਪੰਜਾਬ ਵਿੱਚ ਵਿੱਚ ਸਰਹੱਦੀ ਜ਼ਿਲ੍ਹਿਆਂ ਨੂੰ ਜ਼ਮੀਨੀ ਪੱਧਰ ਉੱਤੇ ਪੈਕੇਜ ਮਿਲਣ, ਤਾਂ ਜੋ ਲੋਕ ਖੁਸ਼ਹਾਲ ਜਿੰਦਗੀ ਜਿਉਣ ਸਕਣ।
ਧਾਰਮਿਕ ਮਾਮਲਿਆਂ ਵਿੱਚ ਸਰਕਾਰਾਂ ਦੀ ਦਖਲਅੰਦਾਜੀ ਬੰਦ ਹੋਵੇ : ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ,"ਸਰਕਾਰ ਨੂੰ ਮੈਂ ਵਧਾਈ ਦਿੰਦੀ ਹਾਂ ਕਿ ਇਨ੍ਹਾਂ ਦਾ ਰਾਮ ਮੰਦਿਰ ਬਣਿਆ, ਉੱਥੇ ਹੀ ਹਰੇਕ ਧਰਮ ਨੂੰ ਹੱਕ ਹੈ ਕਿ ਉਹ ਆਪਣੇ ਧਾਰਮਿਕ ਸਥਾਨਾਂ ਉੱਤੇ ਜਾ ਸਕੀਏ। ਅਸੀ ਸਰਬਤ ਦਾ ਭਲਾ ਮੰਗਦੇ ਹਾਂ। ਇਸ ਲਈ ਮੈਂ ਕੇਂਦਰ ਸਰਕਾਰ ਕੋਲੋਂ ਮੰਗ ਕਰਦੀ ਹਾਂ ਕਿ ਜਿਹੜਾ ਸਾਡਾ ਗਿਆਨ ਗੋਦੜੀ ਗੁਰਦੁਆਰਾ ਹਰਿਆਦੁਆਰ ਵਿੱਚ ਹੈ, ਸਿੱਕਮ ਵਿੱਚ ਜੋ ਇਤਿਹਾਸਿਕ ਗੁਰਦੁਆਰਾ ਹੈ ਅਤੇ ਮੰਗੂ ਮੱਠ ਉਡੀਸ਼ਾ ਵਿੱਚ ਹੈ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਗੁਰਦੁਆਰੇ ਹਨ, ਜੋ ਸਾਡੇ ਕੋਲੋਂ ਖੋਹ ਲਏ ਗਏ ਅਤੇ ਜੋ ਹਰਿਆਣਾ ਸਰਕਾਰ ਵਲੋਂ ਸਾਡੀ ਐਸਜੀਪੀਸੀ ਤੋੜ ਕੇ ਵੱਖ ਕੀਤੀ ਤੇ ਨਾਂਦੇੜ ਵਿੱਚ ਵੀ ਜੋ ਮਹਾਰਾਸ਼ਟਰ ਸਰਕਾਰ ਆਪਣੇ ਬੰਦੇ ਬਿਠਾ ਰਹੀ ਹੈ, ਉਸ ਨੂੰ ਵਾਪਸ ਕੀਤਾ ਜਾਵੇ। ਧਾਰਮਿਕ ਮਾਮਲਿਆਂ ਵਿੱਚ ਸਰਕਾਰਾਂ ਦਖਲਅੰਦਾਜੀ ਨਾ ਕੀਤੀ ਜਾਵੇ।"