ਆਂਧਰਾ ਪ੍ਰਦੇਸ਼/ਅਮਰਾਵਤੀ: ਆਂਧਰਾ ਪ੍ਰਦੇਸ਼ ਦੇ ਅੰਨਾਮਈਆ ਜ਼ਿਲ੍ਹੇ ਦੇ ਮਦਨਪੱਲੇ ਕਸਬੇ ਵਿੱਚ ਇੱਕ ਸਰਕਾਰੀ ਅਧਿਆਪਕ ਦੀ ਮੌਤ ਦਾ ਭੇਤ ਸੁਲਝ ਗਿਆ ਹੈ। ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਦੀ ਬੇਟੀ ਨੇ ਆਪਣੇ ਪਿਤਾ ਦਾ ਕਤਲ ਕੀਤਾ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੋਰਾਸਵਾਮੀ ਆਪਣੀ ਧੀ ਦਾ ਵਿਆਹ ਉਸ ਦੀ ਮਰਜ਼ੀ ਦੇ ਖਿਲਾਫ ਕਰ ਰਿਹਾ ਸੀ। ਇਹ ਘਟਨਾ 13 ਜੂਨ ਦੀ ਹੈ।
ਇਸ ਮਾਮਲੇ 'ਚ ਸੋਮਵਾਰ ਨੂੰ ਡੀਐੱਸਪੀ ਪ੍ਰਸਾਦ ਰੈੱਡੀ ਨੇ ਦੱਸਿਆ ਕਿ ਪੀਐਂਡਟੀ ਕਾਲੋਨੀ, ਮਦਨਪੱਲੇ ਦਾ ਰਹਿਣ ਵਾਲਾ ਦੋਰਾਸਵਾਮੀ ਲੋਅਰ ਕੁਰਾਵਾਂਕਾ ਦੇ ਇੱਕ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰਦਾ ਸੀ। ਉਨ੍ਹਾਂ ਦੀ ਪਤਨੀ ਲਤਾ ਦੀ ਡੇਢ ਸਾਲ ਪਹਿਲਾਂ ਬੀਮਾਰੀ ਕਾਰਨ ਮੌਤ ਹੋ ਗਈ ਸੀ। ਉਦੋਂ ਤੋਂ ਉਹ ਆਪਣੀ ਇਕਲੌਤੀ ਬੇਟੀ ਹਰੀਤਾ ਨਾਲ ਘਰ ਵਿਚ ਰਹਿੰਦਾ ਸੀ, ਜਿਸ ਨੇ ਬੀ.ਐੱਸ.ਸੀ. ਅਤੇ ਬੀ.ਐੱਡ. ਦੀ ਪੜ੍ਹਾਈ ਕੀਤੀ ਹੋਈ ਹੈ।
ਬੇਲਣੇ ਨਾਲ ਪਿਤਾ 'ਤੇ ਹਮਲਾ: ਪੁਲਿਸ ਨੇ ਦੱਸਿਆ ਕਿ ਹਰੀਤਾ ਨੇ ਆਪਣੇ ਪਿਤਾ 'ਤੇ ਬੇਲਣੇ ਨਾਲ ਹਮਲਾ ਕੀਤਾ ਜਦੋਂ ਉਹ ਗੂੜ੍ਹੀ ਨੀਂਦ 'ਚ ਸੁੱਤੇ ਪਏ ਸਨ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਹਰੀਤਾ ਦਾ ਕਿਸੇ ਨੌਜਵਾਨ ਨਾਲ ਅਫੇਅਰ ਸੀ ਅਤੇ ਉਸ ਦੇ ਪਿਤਾ ਉਸ ਤੋਂ ਨਾਰਾਜ਼ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਹਰੀਤਾ ਨੇ ਪੈਸਿਆਂ ਸਮੇਤ ਆਪਣੀ ਮਾਂ ਦੇ ਗਹਿਣੇ ਆਪਣੇ ਪ੍ਰੇਮੀ ਨੂੰ ਸੌਂਪ ਦਿੱਤੇ ਸਨ।