ਜੰਮੂ:ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ 'ਚ ਐਤਵਾਰ ਨੂੰ ਸ਼ੱਕੀ ਅੱਤਵਾਦੀਆਂ ਦੀ ਗੋਲੀਬਾਰੀ ਤੋਂ ਬਾਅਦ ਸ਼ਰਧਾਲੂਆਂ ਨਾਲ ਭਰੀ ਬੱਸ ਡੂੰਘੀ ਖੱਡ 'ਚ ਡਿੱਗ ਗਈ। ਰਿਆਸੀ ਦੇ ਡੀਸੀ ਨੇ ਪੁਸ਼ਟੀ ਕੀਤੀ ਹੈ ਕਿ 10 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਸ਼ਿਵ ਖੋਰੀ ਮੰਦਰ ਲਈ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ 'ਤੇ ਪੋਨੀ ਖੇਤਰ ਦੇ ਟੇਰਿਆਥ ਪਿੰਡ 'ਚ ਹਮਲਾ ਕੀਤਾ ਗਿਆ। ਸ਼ਿਵ ਖੋਰੀ ਮੰਦਰ ਤੋਂ ਕਟੜਾ ਜਾ ਰਹੀ 53 ਸੀਟਾਂ ਵਾਲੀ ਬੱਸ ਗੋਲੀਬਾਰੀ ਤੋਂ ਬਾਅਦ ਸੜਕ ਤੋਂ ਉਤਰ ਕੇ ਡੂੰਘੀ ਖੱਡ 'ਚ ਜਾ ਡਿੱਗੀ। ਇਹ ਘਟਨਾ ਪੌਣੀ ਇਲਾਕੇ ਦੇ ਪਿੰਡ ਤਾਰੀਥ ਨੇੜੇ ਸ਼ਾਮ ਕਰੀਬ 6.15 ਵਜੇ ਵਾਪਰੀ।
ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਬੱਸ ਜੰਗਲੀ ਖੇਤਰ 'ਚ ਪਹੁੰਚੀ ਤਾਂ ਘੇਰੇ 'ਚ ਬੈਠੇ ਅੱਤਵਾਦੀਆਂ ਨੇ ਬੱਸ 'ਤੇ ਤੇਜ਼ੀ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਅੱਤਵਾਦੀਆਂ ਦੀ ਗੋਲੀਬਾਰੀ ਤੋਂ ਘਬਰਾ ਕੇ ਡਰਾਈਵਰ ਬੱਸ 'ਤੇ ਕੰਟਰੋਲ ਗੁਆ ਬੈਠਾ ਅਤੇ ਬੱਸ ਖਾਈ 'ਚ ਜਾ ਡਿੱਗੀ। ਫਿਲਹਾਲ ਫੌਜ ਵਲੋਂ ਬਚਾਅ ਕਾਰਜ ਜਾਰੀ ਹੈ।
ਪੁਲਿਸ, ਫੌਜ ਅਤੇ ਅਰਧ ਸੈਨਿਕ ਬਲਾਂ ਦੀ ਵਾਧੂ ਟੁਕੜੀ ਮੌਕੇ 'ਤੇ ਪਹੁੰਚ ਗਈ ਹੈ। ਭਾਰਤੀ ਫੌਜ, ਸੀਆਰਪੀਐਫ, ਜੰਮੂ-ਕਸ਼ਮੀਰ ਪੁਲਿਸ ਨੇ ਅੱਤਵਾਦੀਆਂ ਦੀ ਭਾਲ ਲਈ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਘਟਨਾ ਵਾਲੀ ਥਾਂ ਦੇ ਨੇੜੇ ਰਹਿਣ ਵਾਲੇ ਸਥਾਨਕ ਲੋਕ ਵੀ ਬਚਾਅ ਕਾਰਜ 'ਚ ਲੱਗੇ ਹੋਏ ਹਨ। ਐਂਬੂਲੈਂਸ ਮਦਦ ਲਈ ਪਹੁੰਚ ਗਈ ਹੈ।