ਮੁੰਬਈ: ਮੁੰਬਈ— ਮਹਾਰਾਸ਼ਟਰ 'ਚ ਮੁੰਬਈ ਤੱਟ ਨੇੜੇ ਬੁੱਧਵਾਰ ਨੂੰ ਜਲ ਸੈਨਾ ਦੀ ਇਕ ਸਪੀਡ ਬੋਟ ਇਕ ਯਾਤਰੀ ਕਿਸ਼ਤੀ ਨਾਲ ਟਕਰਾ ਗਈ। ਇਸ ਹਾਦਸੇ 'ਚ ਤਿੰਨ ਮਲਾਹਾਂ ਸਮੇਤ 13 ਲੋਕਾਂ ਦੀ ਮੌਤ ਹੋ ਗਈ ਜਦਕਿ 101 ਹੋਰ ਲੋਕਾਂ ਨੂੰ ਬਚਾ ਲਿਆ ਗਿਆ।
ਹਸਪਤਾਲ ਵਿੱਚ ਦਾਖ਼ਲ ਦੋ ਵਿਅਕਤੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ 5-5 ਲੱਖ ਰੁਪਏ ਦਿੱਤੇ ਜਾਣਗੇ। ਘਟਨਾ ਦੀ ਪੁਲਿਸ ਅਤੇ ਜਲ ਸੈਨਾ ਵੱਲੋਂ ਜਾਂਚ ਕੀਤੀ ਜਾਵੇਗੀ। ਇਸ ਬਾਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਨਾਗਪੁਰ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਮਰਨ ਵਾਲਿਆਂ ਵਿੱਚ 10 ਨਾਗਰਿਕ ਅਤੇ ਤਿੰਨ ਜਲ ਸੈਨਾ ਦੇ ਕਰਮਚਾਰੀ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਜਲ ਸੈਨਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ 7.30 ਵਜੇ ਤੱਕ ਮਰਨ ਵਾਲਿਆਂ ਦੀ ਗਿਣਤੀ 13 ਹੈ। ਫੜਨਵੀਸ ਨੇ ਦੱਸਿਆ ਕਿ ਨੀਲਕਮਲ ਕਿਸ਼ਤੀ ਮੁੰਬਈ ਦੇ ਨੇੜੇ ਪ੍ਰਸਿੱਧ ਸੈਰ-ਸਪਾਟਾ ਸਥਾਨ ਐਲੀਫੈਂਟਾ ਟਾਪੂ ਵੱਲ ਜਾ ਰਹੀ ਸੀ, ਜਦੋਂ ਸ਼ਾਮ 4 ਵਜੇ ਦੇ ਕਰੀਬ ਸਪੀਡ ਬੋਟ ਉਸ ਨਾਲ ਟਕਰਾ ਗਈ।
ਇਕ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਜਲ ਸੈਨਾ ਅਤੇ ਤੱਟ ਰੱਖਿਅਕਾਂ ਨੇ ਵੱਡੇ ਪੱਧਰ 'ਤੇ ਬਚਾਅ ਮੁਹਿੰਮ ਚਲਾਈ ਹੈ, ਜਿਸ 'ਚ ਜਲ ਸੈਨਾ ਦੀਆਂ 11 ਕਿਸ਼ਤੀਆਂ, ਸਮੁੰਦਰੀ ਪੁਲਸ ਦੀਆਂ ਤਿੰਨ ਕਿਸ਼ਤੀਆਂ ਅਤੇ ਤੱਟ ਰੱਖਿਅਕਾਂ ਦੀ ਇਕ ਕਿਸ਼ਤੀ ਨੂੰ ਇਲਾਕੇ 'ਚ ਤਾਇਨਾਤ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਚਾਰ ਹੈਲੀਕਾਪਟਰ ਖੋਜ ਅਤੇ ਬਚਾਅ ਕਾਰਜ 'ਚ ਲੱਗੇ ਹੋਏ ਹਨ। ਅਧਿਕਾਰੀ ਨੇ ਦੱਸਿਆ ਕਿ ਪੁਲਸ, ਜਵਾਹਰ ਲਾਲ ਨਹਿਰੂ ਪੋਰਟ ਅਥਾਰਟੀ ਅਤੇ ਇਲਾਕੇ ਦੇ ਮਛੇਰੇ ਵੀ ਬਚਾਅ ਕਾਰਜ 'ਚ ਸ਼ਾਮਲ ਸਨ।