ਬੈਂਗਲੁਰੂ :ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਇਕ ਮਸ਼ਹੂਰ ਕੌਫੀ ਸ਼ਾਪ ਦੇ ਟਾਇਲਟ 'ਚ ਇਕ ਔਰਤ ਨੂੰ ਰਿਕਾਰਡਿੰਗ ਮੋਡ 'ਚ ਮੋਬਾਈਲ ਫੋਨ ਮਿਲਣ 'ਤੇ ਸਨਸਨੀ ਫੈਲ ਗਈ। ਇਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ, ਜੋ ਕੈਫੇ 'ਚ ਕੰਮ ਕਰਨ ਵਾਲਾ ਕਰਮਚਾਰੀ ਹੈ। ਇਸ ਦੇ ਨਾਲ ਹੀ ਕੌਫੀ ਸ਼ਾਪ 'ਥਰਡ ਵੇਵ ਕੌਫੀ' ਨੇ ਇਸ ਘਟਨਾ 'ਤੇ ਅਫਸੋਸ ਪ੍ਰਗਟ ਕੀਤਾ ਹੈ। ਕੌਫੀ ਚੇਨ ਨੇ ਕਿਹਾ ਕਿ ਮੁਲਜ਼ਮ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।
ਡਸਟਬੀਨ 'ਚ ਲੁਕਾਇਆ ਕੈਮਰਾ ਫੋਨ: ਇਹ ਘਟਨਾ ਸ਼ਨੀਵਾਰ ਨੂੰ ਇੱਕ ਇੰਸਟਾਗ੍ਰਾਮ ਪੋਸਟ ਦੇ ਜ਼ਰੀਏ ਸਾਹਮਣੇ ਆਈ, ਜਿਸ ਵਿੱਚ ਲਿਖਿਆ ਗਿਆ ਸੀ, "ਇੱਕ ਔਰਤ ਨੂੰ ਟਾਇਲਟ ਵਿੱਚ ਇੱਕ ਫੋਨ ਮਿਲਿਆ, ਡਸਟਬਿਨ ਵਿੱਚ ਲੁਕਿਆ ਹੋਇਆ ਸੀ, ਜਿਸਦੀ ਵੀਡੀਓ ਰਿਕਾਰਡਿੰਗ ਲਗਭਗ 2 ਘੰਟੇ ਚੱਲ ਰਹੀ ਸੀ, ਜੋ ਟਾਇਲਟ ਸੀਟ ਵੱਲ ਇਸ਼ਾਰਾ ਕਰ ਰਿਹਾ ਸੀ। "ਇਹ ਫਲਾਈਟ ਮੋਡ 'ਤੇ ਸੀ, ਸ਼ਾਤਿਰ ਮੁਲਜ਼ਮ ਨੇ ਇਹ ਕੈਮਰਾ ਬੜੀ ਹੀ ਚਲਾਕੀ ਨਾਲ ਇੱਕ ਕੂੜੇ ਦੇ ਬੈਗ ਵਿੱਚ ਇੱਕ ਮੋਰੀ ਕੱਢ ਕੇ ਲੁਕਾਇਆ ਹੋਇਆ ਸੀ ਤਾਂ ਜੋ ਸਿਰਫ ਕੈਮਰਾ ਹੀ ਦਿਖਾਈ ਦੇ ਸਕੇ। ਜਿਸ ਦਾ ਪਤਾ ਲੱਗਦੇ ਹੀ ਜਲਦੀ ਹੀ ਪੁਲਿਸ ਨੂੰ ਬੁਲਾਇਆ ਗਿਆ, ਅਤੇ ਪਤਾ ਲੱਗਾ ਹੈ ਕਿ ਇਹ ਹਰਕਤ ਕਾਫੀ ਸ਼ਾਪ ਵਾਲੇ ਕਰਮਚਾਰੀ ਦਾ ਹੀ ਸੀ।
ਹਰ ਟਾਇਲਟ 'ਚ ਸਾਵਧਾਨ ਰਹਾਂਗੀ: ਪੋਸਟ 'ਚ ਔਰਤ ਨੇ ਕਿਹਾ, "ਇਹ ਬਹੁਤ ਹੀ ਘਿਣਾਉਣੀ ਘਟਨਾ ਹੈ। ਹੁਣ ਤੋਂ, ਮੈਂ ਹੁਣ ਹਰ ਟਾਇਲਟ 'ਚ ਸਾਵਧਾਨ ਰਹਾਂਗੀ, ਚਾਹੇ ਉਹ ਕਿੰਨਾ ਵੀ ਮਸ਼ਹੂਰ ਕੈਫੇ ਜਾਂ ਰੈਸਟੋਰੈਂਟ ਦੀ ਚੇਨ ਕਿਉਂ ਨਾ ਹੋਵੇ। ਮੈਂ ਤੁਹਾਨੂੰ ਸਾਰਿਆਂ ਨੂੰ ਅਜਿਹਾ ਕਰਨ ਦੀ ਅਪੀਲ ਕਰਦੀ ਹਾਂ। ਮੈਂ ਬੇਨਤੀ ਕਰਦੀ ਹਾਂ ਕਿ ਮੁਲਜ਼ਮ ਨੂੰ ਜਲਦੀ ਕਾਬੂ ਕੀਤਾ ਜਾਵੇ।"
ਰਿਪੋਰਟ ਮੁਤਾਬਕ ਫੋਨ ਪ੍ਰਾਪਤ ਕਰਨ ਵਾਲੀ ਔਰਤ ਨੇ ਮਾਮਲੇ ਦਾ ਪਰਦਾਫਾਸ਼ ਕੀਤਾ ਅਤੇ ਬੀਈਐੱਲ ਰੋਡ 'ਤੇ ਸਥਿਤ ਕੌਫੀ ਸ਼ਾਪ ਦੇ ਪ੍ਰਬੰਧਕਾਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਇੰਸਟਾਗ੍ਰਾਮ ਪੋਸਟ ਨੂੰ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀ ਸ਼ੇਅਰ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਸ਼ਨੀਵਾਰ ਰਾਤ ਨੂੰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।
ਕੈਫੇ ਨੇ ਕਾਰਵਾਈ ਦਾ ਦਿੱਤਾ ਭਰੋਸਾ:ਇੱਕ ਯੂਜ਼ਰ ਨੇ ਲਿਖਿਆ, "ਵਿਸ਼ਵਾਸ ਨਹੀਂ ਕਰ ਸਕਦਾ ਕਿ ਬੈਂਗਲੁਰੂ ਵਿੱਚ ਥਰਡ ਵੇਵ ਕੌਫੀ ਆਊਟਲੇਟ ਦੇ ਵਾਸ਼ਰੂਮ ਵਿੱਚ ਇੱਕ ਲੁਕਿਆ ਹੋਇਆ ਕੈਮਰਾ ਮਿਲਿਆ ਹੈ। ਇਹ ਪਾਗਲਪਨ ਦੀ ਗੱਲ ਹੈ ਕਿ ਇੰਨੀ ਮਸ਼ਹੂਰ ਜਗ੍ਹਾ 'ਤੇ ਅਜਿਹਾ ਹੋ ਸਕਦਾ ਹੈ। ਇਹ ਪਰੇਸ਼ਾਨ ਕਰਨ ਵਾਲਾ ਹੈ।" ਇਸ ਪੋਸਟ ਦਾ ਜਵਾਬ ਦਿੰਦਿਆਂ ਥਰਡ ਵੇਵ ਕੌਫੀ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਪੂਰੀ ਤਰ੍ਹਾਂ ਅਸਵੀਕਾਰਨਯੋਗ ਹਨ। ਕੈਫੇ ਨੇ ਇਸ 'ਤੇ ਲਿਖਿਆ ਹੈ ਕਿ ਅਸੀਂ ਉਸ ਵਿਅਕਤੀ ਨੂੰ ਤੁਰੰਤ ਬਰਖਾਸਤ ਕਰਨ ਅਤੇ ਆਪਣੇ ਗਾਹਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਕੀਤੀ।"ਰਿਪੋਰਟ ਮੁਤਾਬਕ ਮੁਲਜ਼ਮ ਨੂੰ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਦੀ ਉਮਰ 20 ਸਾਲ ਦੱਸੀ ਗਈ ਹੈ ਅਤੇ ਉਹ ਭਦਰਾਵਤੀ ਕਰਨਾਟਕ ਦਾ ਰਹਿਣ ਵਾਲਾ ਹੈ।