ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਰਾਮਲੀਲਾ ਦੀਆਂ ਤਿਆਰੀਆਂ ਆਖਰੀ ਪੜਾਅ 'ਤੇ ਹਨ। ਸ਼ਹਿਰ ਭਰ 'ਚ ਕਈ ਥਾਵਾਂ 'ਤੇ ਵੱਖ-ਵੱਖ ਰਾਮਲੀਲਾ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਦਵਾਰਕਾ ਦੇ ਸੈਕਟਰ-13 'ਚ ਡੀਡੀਏ ਗਰਾਊਂਡ ਵਿੱਚ ਹੋਣ ਵਾਲੀ ਰਾਮਲੀਲਾ ਕਈ ਤਰ੍ਹਾਂ ਨਾਲ ਖ਼ਾਸ ਮੰਨੀ ਜਾਂਦੀ ਹੈ। ਕਿਉਂਕਿ ਇਹ ਬਾਲ ਰਾਮਲੀਲਾ ਹੈ, ਜਿਸ ਦਾ ਮੰਚਨ ਦਿੱਲੀ ਦੇ ਕਰੀਬ 40 ਸਕੂਲਾਂ ਦੇ ਹਜ਼ਾਰਾਂ ਬੱਚੇ ਕਰਨਗੇ। ਇੱਥੇ ਹਰ ਰੋਜ਼ ਵੱਖ-ਵੱਖ ਸਕੂਲਾਂ ਦੇ ਬੱਚੇ ਆਪਣੀ-ਆਪਣੀ ਰਾਮਲੀਲਾ ਦਾ ਮੰਚਨ ਕਰਨਗੇ। ਇਹ ਪੂਰੀ ਤਰ੍ਹਾਂ ਨਾਲ ਵਿਲੱਖਣ ਕਿਸਮ ਦੀ ਰਾਮਲੀਲਾ ਹੋਵੇਗੀ। ਜਿਸ ਵਿੱਚ ਛੇ ਸਾਲ ਦਾ ਰਾਮ ਅਤੇ ਛੇ ਸਾਲ ਦੀ ਸੀਤਾ ਵੀ ਹੋਵੇਗੀ। ਇਸ ਤੋਂ ਇਲਾਵਾ ਰਾਮ ਅਤੇ ਸੀਤਾ ਦਾ ਰੂਪ ਪੇਸ਼ ਕਰਨ ਵਾਲੇ ਬਾਲ ਕਲਾਕਾਰ ਹਰ ਸੀਨ 'ਚ ਹਰ ਰੋਜ ਬਦਲ ਜਾਣਗੇ।
ਕਦੋਂ ਸ਼ੁਰੂ ਹੋਈ ਬਾਲ ਰਾਮਲੀਲਾ
ਦਵਾਰਕਾ ਸੈਕਟਰ-13 ਦੇ ਡੀਡੀਏ ਗਰਾਊਂਡ ਵਿੱਚ ਸਾਲ 2017 ਵਿੱਚ ਪੂਰੀ ਬਾਲ ਰਾਮਲੀਲਾ ਦੀ ਸ਼ੁਰੂਆਤ ਹੋਈ ਸੀ। ਉਦੋਂ ਤੋਂ ਹਰ ਸਾਲ ਇੱਥੇ ਇਹ ਰਾਮਲੀਲਾ ਕਰਵਾਈ ਜਾ ਰਹੀ ਹੈ। ਸੰਪੂਰਨ ਬਾਲ ਰਾਮਲੀਲਾ ਕਮੇਟੀ ਦੀ ਪ੍ਰਧਾਨ ਪ੍ਰੀਤਮਾ ਖੰਡੇਲਵਾਲ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਭਾਰਤੀ ਪਰੰਪਰਾ ਨਾਲ ਜੋੜਨ ਲਈ ਇਸ ਦੀ ਸ਼ੁਰੂਆਤ 7 ਸਾਲ ਪਹਿਲਾਂ ਕੀਤੀ ਗਈ ਸੀ। ਫਿਰ ਬੜੀ ਮੁਸ਼ਕਲ ਨਾਲ ਸਿਰਫ ਤਿੰਨ ਸਕੂਲਾਂ ਦੇ 100 ਦੇ ਕਰੀਬ ਬੱਚਿਆਂ ਨੇ ਤਿੰਨ ਦਿਨ ਬਾਲ ਰਾਮਲੀਲਾ ਦਾ ਮੰਚਨ ਕੀਤਾ। ਉਸ ਸਮੇਂ ਹਜ਼ਾਰਾਂ ਲੋਕ ਇਸ ਨੂੰ ਦੇਖਣ ਆਏ ਸਨ, ਜਿਸ ਤੋਂ ਬਾਅਦ ਅਸੀਂ ਹਰ ਸਾਲ ਇਸ ਨੂੰ ਆਯੋਜਿਤ ਕਰਨ ਦਾ ਫੈਸਲਾ ਕੀਤਾ। ਹਰ ਸਾਲ ਸਕੂਲ ਇਸ ਵਿੱਚ ਸ਼ਾਮਲ ਹੋਣ ਲੱਗੇ ਅਤੇ ਇਹ ਬਾਲ ਰਾਮਲੀਲਾ ਬਹੁਤ ਵੱਡੀ ਹੋ ਗਈ। ਰਾਮਲੀਲਾ ਕਮੇਟੀ ਦੇ ਜਨਰਲ ਸਕੱਤਰ ਹਰੀਸ਼ ਕੋਚਰ ਦਾ ਕਹਿਣਾ ਹੈ ਕਿ ਇਸ ਸਾਲ ਲਗਭਗ 40 ਸਕੂਲਾਂ ਦੇ 4000 ਬੱਚੇ ਵੱਖ-ਵੱਖ ਦਿਨਾਂ 'ਤੇ ਰਾਮਲੀਲਾ ਦਾ ਮੰਚਨ ਕਰਨਗੇ।