ਨਵੀਂ ਦਿੱਲੀ:ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਜਧਾਨੀ ਦਿੱਲੀ ਵਿੱਚ ਸਿਆਸੀ ਸਰਗਰਮੀਆਂ ਤੇਜ਼ੀ ਨਾਲ ਬਦਲ ਰਹੀਆਂ ਹਨ। ਕਾਂਗਰਸ ਪਾਰਟੀ ਤੋਂ ਨਾਰਾਜ਼ ਚੱਲ ਰਹੇ ਦਿੱਲੀ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਅਰਵਿੰਦ ਸਿੰਘ ਲਵਲੀ ਸ਼ਨੀਵਾਰ ਨੂੰ ਭਾਜਪਾ 'ਚ ਸ਼ਾਮਲ ਹੋ ਗਏ। ਲਵਲੀ ਭਾਜਪਾ ਦੇ ਕੌਮੀ ਜਨਰਲ ਸਕੱਤਰ ਵਿਨੋਦ ਤਾਵੜੇ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਦਿੱਲੀ ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਦੀ ਮੌਜੂਦਗੀ ਵਿੱਚ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋਏ।
ਦਿੱਲੀ ਦੀ ਸਿਆਸਤ ਵਿੱਚ ਸਿਆਸੀ ਉਥਲ-ਪੁਥਲ :ਹਾਲ ਹੀ 'ਚ ਅਰਵਿੰਦ ਸਿੰਘ ਲਵਲੀ ਨੇ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗਠਜੋੜ ਤੋਂ ਕਾਫੀ ਨਾਰਾਜ਼ ਸਨ। ਲਵਲੀ ਦੇ ਅਸਤੀਫੇ ਤੋਂ ਬਾਅਦ ਦਿੱਲੀ ਦੀ ਸਿਆਸਤ ਵਿੱਚ ਸਿਆਸੀ ਉਥਲ-ਪੁਥਲ ਮਚ ਗਈ ਹੈ। ਲਵਲੀ ਤੋਂ ਬਾਅਦ ਕਾਂਗਰਸ ਦੇ ਕਈ ਸੀਨੀਅਰ ਨੇਤਾਵਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਅੱਜ ਅਰਵਿੰਦਰ ਸਿੰਘ ਲਵਲੀ ਦੇ ਨਾਲ ਸਾਬਕਾ ਮੰਤਰੀ ਰਾਜਕੁਮਾਰ ਚੌਹਾਨ, ਸਾਬਕਾ ਵਿਧਾਇਕ ਨੀਰਜ ਬਸੋਆ ਅਤੇ ਨਸੀਬ ਸਿੰਘ ਭਾਜਪਾ ਦੇ ਰਾਸ਼ਟਰੀ ਮੁੱਖ ਦਫਤਰ ਪਹੁੰਚੇ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।