ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਘੱਟ ਹੋਣ ਦੇ ਨਾਮ ਨਹੀਂ ਲੈ ਰਹੀਆਂ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਹੁਣ ਉਨ੍ਹਾਂ ਦੀ ਸਰਕਾਰ ਦੇ ਮੰਤਰੀ ਰਾਜਕੁਮਾਰ ਆਨੰਦ ਨੇ ਪਾਰਟੀ ਅਤੇ ਮੰਤਰੀ ਅਹੁਦੇ ਦੋਵਾਂ ਤੋਂ ਅਸਤੀਫਾ ਦੇ ਦਿੱਤਾ ਹੈ। ਜੇਕਰ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਦੀ ਗੱਲ ਕਰੀਏ ਤਾਂ ਰਾਜਕੁਮਾਰ ਸਰਕਾਰ ਤੋਂ ਅਸਤੀਫਾ ਦੇਣ ਵਾਲੇ 8ਵੇਂ ਮੰਤਰੀ ਹਨ।
ਇਸ ਤੋਂ ਪਹਿਲਾਂ ਕਾਨੂੰਨ ਮੰਤਰੀ ਜਤਿੰਦਰ ਸਿੰਘ ਤੋਮਰ ਫਰਜ਼ੀ ਡਿਗਰੀ ਮਾਮਲੇ 'ਚ ਫੜੇ ਗਏ ਸਨ, ਜਿਸ ਤੋਂ ਬਾਅਦ ਐੱਸ.ਸੀ.-ਐੱਸ.ਟੀ. ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਸੰਦੀਪ ਕੁਮਾਰ, ਖੁਰਾਕ ਸਪਲਾਈ ਮੰਤਰੀ ਅਸੀਮ ਅਹਿਮਦ ਖਾਨ, ਜਲ ਸਰੋਤ ਮੰਤਰੀ ਕਪਿਲ ਮਿਸ਼ਰਾ, ਸਮਾਜ ਭਲਾਈ ਮੰਤਰੀ ਰਾਜਿੰਦਰ ਪਾਲ ਗੌਤਮ, ਸਿਹਤ ਮੰਤਰੀ, ਸਤੇਂਦਰ ਜੈਨ ਸਮੇਤ ਕਈ ਵਿਭਾਗਾਂ ਦੇ ਮੰਤਰੀ ਅਤੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਹੈ। ਕੇਜਰੀਵਾਲ ਦੀ ਸਰਕਾਰ ਤੋਂ ਇਹ ਅਸਤੀਫੇ ਸਰਕਾਰ ਦੇ ਪਿਛਲੇ 9 ਸਾਲਾਂ ਦੌਰਾਨ ਵੱਖ-ਵੱਖ ਇਲਜ਼ਾਮਾਂ ਕਾਰਨ ਹੋਏ ਹਨ।
ਜਤਿੰਦਰ ਸਿੰਘ ਤੋਮਰ: ਕਾਨੂੰਨ ਮੰਤਰੀ ਜਤਿੰਦਰ ਸਿੰਘ ਤੋਮਰ ਨੇ ਫਰਜ਼ੀ ਡਿਗਰੀ ਮਾਮਲੇ 'ਚ ਗ੍ਰਿਫਤਾਰ ਹੋਣ ਤੋਂ ਬਾਅਦ 9 ਜੂਨ 2015 ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਕੇਜਰੀਵਾਲ ਸਰਕਾਰ ਦੇ ਗ੍ਰਹਿ, ਕਾਨੂੰਨ, ਸੈਰ-ਸਪਾਟਾ, ਕਲਾ ਅਤੇ ਸੱਭਿਆਚਾਰ ਵਿਭਾਗ ਦੇ ਮੰਤਰੀ ਸਨ। 2020 ਵਿਧਾਨ ਸਭਾ ਚੋਣਾਂ ਦੇ ਸਮੇਂ, ਉਸ ਨੂੰ ਦਿੱਲੀ ਹਾਈ ਕੋਰਟ ਨੇ ਫਰਜ਼ੀ ਡਿਗਰੀ ਦਾ ਦੋਸ਼ੀ ਪਾਇਆ ਸੀ। ਇਸ ਤੋਂ ਬਾਅਦ ਉਹ ਚੋਣ ਨਹੀਂ ਲੜ ਸਕੇ। ਉਨ੍ਹਾਂ ਨੇ ਆਪਣੀ ਪਤਨੀ ਪ੍ਰੀਤੀ ਤੋਮਰ ਨੂੰ ਨਾਮਜ਼ਦ ਕੀਤਾ ਸੀ। ਇਸ ਤੋਂ ਬਾਅਦ ਉਹ ਤ੍ਰਿਨਗਰ ਤੋਂ ਵਿਧਾਇਕ ਚੁਣੀ ਗਈ।
ਸੰਦੀਪ ਕੁਮਾਰ: ਅਰਵਿੰਦ ਕੇਜਰੀਵਾਲ ਦੀ ਸਰਕਾਰ ਵਿੱਚ ਸਾਲ 2015 ਵਿੱਚ ਸੁਲਤਾਨਪੁਰ ਮਾਜਰਾ ਤੋਂ ਵਿਧਾਇਕ ਚੁਣੇ ਗਏ ਸੰਦੀਪ ਕੁਮਾਰ ਨੂੰ ਐਸਸੀ ਐਸਟੀ ਕਲਿਆਣ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦਾ ਮੰਤਰੀ ਬਣਾਇਆ ਗਿਆ ਸੀ। ਕੇਜਰੀਵਾਲ ਨੇ 31 ਅਗਸਤ 2016 ਨੂੰ ਸੰਦੀਪ ਕੁਮਾਰ ਨੂੰ ਸੈਕਸ ਸੀਡੀ ਸਕੈਂਡਲ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਤੋਂ ਬਾਅਦ ਆਪਣੀ ਕੈਬਨਿਟ ਅਤੇ ਪਾਰਟੀ ਦੋਵਾਂ ਵਿੱਚੋਂ ਬਰਖਾਸਤ ਕਰ ਦਿੱਤਾ ਸੀ।
ਆਸਿਮ ਅਹਿਮਦ ਖਾਨ: ਸਾਲ 2015 ਵਿੱਚ ਆਸਿਮ ਅਹਿਮਦ ਖਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਮਟੀਆ ਮਹਿਲ ਵਿਧਾਨ ਸਭਾ ਹਲਕੇ ਤੋਂ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਨੂੰ ਕੇਜਰੀਵਾਲ ਸਰਕਾਰ ਵਿੱਚ ਖੁਰਾਕ, ਲੌਜਿਸਟਿਕਸ, ਸਿਵਲ ਸਪਲਾਈ ਅਤੇ ਜੰਗਲਾਤ ਅਤੇ ਵਾਤਾਵਰਣ ਵਿਭਾਗ ਦਾ ਮੰਤਰੀ ਬਣਾਇਆ ਗਿਆ ਸੀ। ਪਰ 9 ਅਕਤੂਬਰ 2015 ਨੂੰ ਕੇਜਰੀਵਾਲ ਨੇ ਆਸਿਮ ਅਹਿਮਦ ਖਾਨ ਨੂੰ ਇੱਕ ਬਿਲਡਰ ਤੋਂ 6 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ। ਹਾਲਾਂਕਿ ਬਾਅਦ ਵਿੱਚ ਸਬੂਤਾਂ ਦੀ ਘਾਟ ਕਾਰਨ ਸੀਬੀਆਈ ਨੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ।