ਮਾਨਸਾ: ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਸੂਬੇ ਭਰ ਦੇ ਕਿਸਾਨ ਸਰਕਾਰ ਖਿਲਾਫ ਮੋਰਚਾ ਖੋਲ ਕੇ ਬੈਠੇ ਹਨ। ਉਥੇ ਹੀ ਮਾਨਸਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ’ਤੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਆਉਣ ਵਾਲੀ ਕਣਕ ਦੀ ਬਿਜਾਈ ਲਈ ਡੀਏਪੀ ਖਾਦ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਅੱਕ ਸੂਬੇ ਦੇ ਕਿਸਾਨ ਚਿੰਤਤ ਹਨ। ਕਿਸਾਨਾਂ ਦਾ ਇਲਜ਼ਾਮ ਹੈ ਕਿ ਪੰਜਾਬ ਵਿੱਚ ਵੱਡੀ ਪੱਧਰ ’ਤੇ ਡੀਏਪੀ ਖਾਦ ਵੇਚੀ ਜਾ ਰਹੀ ਹੈ।
ਡੀਏਪੀ ਖਾਦ ਦੀ ਕਮੀ ਨੂੰ ਲੈ ਕੇ ਮਾਨਸਾ 'ਚ ਕਿਸਾਨਾਂ ਨੇ ਘੇਰੀ ਸਰਕਾਰ (ETV BHARAT (ਪੱਤਰਕਾਰ, ਮਾਨਸਾ)) ਡੀਏਪੀ ਖਾਦ ਦੀ ਕਮੀ
ਇਸ ਤਹਿਤ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਡੀਏਪੀ ਖਾਦ ਦੀ ਕਮੀ ਅਤੇ ਡੀਏਪੀ ਖਾਦ ਦੇ ਨਾਲ ਪੈਸਟੀਸਾਈਡ ਡੀਲਰਾਂ ਵੱਲੋਂ ਵਾਧੂ ਖਾਦ ਪਦਾਰਥ ਜਬਰਦਸਤੀ ਦੇਣ ਦੇ ਵਿਰੋਧ ਕਾਰਨ ਅੱਜ ਅਸੀਂ ਸਰਕਾਰ ਦੇ ਖਿਲਾਫ ਧਰਨਾ ਦੇ ਰਹੇ ਹਾਂ। ਕਿਸਾਨ ਨੇਤਾਵਾਂ ਨੇ ਕਿਹਾ ਕਿ ਕਿਸਾਨਾਂ ਨੂੰ ਡੀਏਪੀ ਖਾਦ ਦੀ ਸਮੱਸਿਆ ਆ ਰਹੀ ਹੈ, ਉਹਨਾਂ ਕਿਹਾ ਕਿ ਜੇਕਰ ਕਿਸੇ ਡੀਲਰ ਕੋਲ ਖਾਦ ਹੈ ਤਾਂ ਉਹ ਖਾਂਦੇ ਨਾਲ ਕਿਸਾਨਾਂ ਨੂੰ ਜਬਰਦਸਤੀ ਵਾਧੂ ਖਾਦ ਲੈਣ ਲਈ ਮਜਬੂਰ ਕਰ ਰਿਹਾ ਹੈ।
ਸਰਕਾਰ ਦੀ ਨਾਕਾਮੀ
ਇਸ ਮੌਕੇ ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕੀ ਹੁਣ ਤੱਕ ਪਿੰਡ ਦੀ ਸਹਿਕਾਰੀ ਸਭਾ ਵਿੱਚ ਖਾਦ ਉਪਲਬਧ ਨਹੀਂ ਹੋਈ? ਜੇਕਰ ਨਹੀਂ, ਤਾਂ ਇਹ ਚਿੰਤਾ ਦਾ ਵਿਸ਼ਾ ਹੈ, ਕਿ ਸਰਕਾਰ ਕਿਸਾਨਾਂ ਨੂੰ ਖਾਦ ਦਾ ਸਟਾਕ ਮੁਹੱਈਆ ਕਰਵਾਉਣ ‘ਚ ਨਾਕਾਮ ਰਹੀ ਹੈ ਜਿਸ ਕਾਰਨ ਕਿਸਾਨ ਰੋਸ ਪ੍ਰਦਰਸ਼ਨ ਕਰਨ ਨੂੰ ਮਜਬੂਰ ਹਨ।
ਡੀਏਪੀ ਖਾਦ ਲੈਣ ਲਈ ਖੱਜਲ ਖੁਆਰ ਹੋ ਰਹੇ ਕਿਸਾਨ
ਉਹਨਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਦੇ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ, ਪਰ ਸਰਕਾਰ ਦੇ ਫੇਲੀਅਰ ਸਿਸਟਮ ਕਾਰਨ ਕਿਸਾਨਾਂ ਨੂੰ ਪੈਸਟੀਸਾਈਡ ਡੀਲਰਾਂ ਵੱਲੋਂ ਲੁੱਟਿਆ ਜਾ ਰਿਹਾ ਹੈ ਅਤੇ ਕਿਸਾਨ ਆਪਣੀ ਫਸਲ ਦੇ ਲਈ ਡੀਏਪੀ ਖਾਦ ਲੈਣ ਲਈ ਖੱਜਲ ਖੁਆਰ ਹੋ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਇਸ ਪਾਸੇ ਸਰਕਾਰ ਵੱਲੋਂ ਜਲਦ ਹੀ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਦੇ ਖਿਲਾਫ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਇਸ ਦੌਰਾਨ ਕਿਸਾਨ ਨੇਤਾਵਾਂ ਨੇ ਕਿਹਾ ਕਿ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਝੋਨੇ ਦੀ ਫਸਲ ਖਰੀਦਣ ਲਈ ਜੇਕਰ ਕਿਸਾਨਾਂ ਨੂੰ ਪਰੇਸ਼ਾਨ ਕੀਤਾ, ਤਾਂ ਸਰਕਾਰ ਦੇ ਖਿਲਾਫ ਵੱਡਾ ਅੰਦੋਲਨ ਕੀਤਾ ਜਾਵੇਗਾ।