ਲੁਧਿਆਣਾ:ਪੰਜਾਬ ਵਿੱਚ ਝੋਨੇ ਦੇ ਸੀਜ਼ਨ ਤੋਂ ਬਾਅਦ ਕਣਕ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ ਅਤੇ ਕਈ ਕਿਸਾਨ ਝੋਨੇ ਤੋਂ ਬਾਅਦ ਆਲੂ ਦੀ ਖੇਤੀ ਵੀ ਕਰਦੇ ਹਨ। ਇਨਾਂ ਨੂੰ ਹੁਣ ਡੀਏਪੀ ਖਾਦ ਦੀ ਵਧੇਰੇ ਲੋੜ ਪੈਂਦੀ ਹੈ, ਪਰ ਪੰਜਾਬ ਵਿੱਚ ਹਰ ਸੀਜ਼ਨ ਦੇ ਅੰਦਰ ਡੀਏਪੀ ਖਾਦ ਦੀ ਕਮੀ ਦੇ ਕਰਕੇ ਕਿਸਾਨ ਚਿੰਤਿਤ ਰਹਿੰਦੇ ਹਨ ਅਤੇ ਇਸ ਸਾਲ ਵੀ ਖਾਦ ਦੀ ਉਪਲਬਧਤਾ ਨੂੰ ਲੈ ਕੇ ਸਵਾਲ ਉੱਠ ਰਹੇ ਸ਼ੁਰੂ ਹੋ ਗਏ ਹਨ। ਜਿੱਥੇ ਵਿਰੋਧੀ ਪਾਰਟੀਆਂ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਇਸ ਦੀ ਲੋੜ ਮੁਤਾਬਿਕ ਉਪਲਬਧਤਾ ਕਿਸਾਨਾਂ ਨੂੰ ਕਰਵਾਉਣ ਦੀ ਅਪੀਲ ਕੀਤੀ ਗਈ ਹੈ।
ਉੱਥੇ ਹੀ ਦੂਜੇ ਪਾਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਿਸਾਨਾਂ ਨੂੰ ਕਈ ਹੋਰ ਖਾਦਾਂ ਵੀ ਸਿਫਾਰਿਸ਼ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਕਿਸਾਨ ਆਪਣੀ ਜ਼ਮੀਨ ਲਈ ਉਹੀ ਫਾਇਦਾ ਲੈ ਸਕਦੇ ਹਨ, ਜੋ ਕਿ ਡੀਏਪੀ ਤੋਂ ਉਨ੍ਹਾਂ ਨੂੰ ਮਿਲਦਾ ਹੈ।
ਡੀਏਪੀ ਦੇ ਬਦਲ ਵਜੋਂ ਪੀਏਯੂ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ ਹੋਰ ਖਾਦਾਂ (Etv Bharat (ਪੱਤਰਕਾਰ, ਲੁਧਿਆਣਾ)) ਡੀਏਪੀ ਦੇ ਬਦਲ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸੋਇਲ ਸਾਇੰਸ ਦੇ ਪ੍ਰੋਫੈਸਰ ਡਾਕਟਰ ਗੋਬਿੰਦਰ ਸਿੰਘ ਦੇ ਮੁਤਾਬਿਕ ਡੀਏਪੀ ਖਾਦ ਵਿੱਚ ਜਿਹੜੇ ਤੱਤ ਹੁੰਦੇ ਹਨ, ਉਹ ਤੱਤ ਹੋਰਨਾਂ ਖਾਦਾਂ ਦੇ ਵਿੱਚ ਵੀ ਵਧੇਰੇ ਪਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਡੀਏਪੀ ਖਾਦ ਉਪਲਬਧ ਨਹੀਂ ਹੁੰਦੀ, ਤਾਂ ਉਹ ਬਾਜ਼ਾਰ ਵਿੱਚੋਂ ਸਿੰਗਲ ਸੁਪਰ ਫਾਸਫੇਟ ਅਤੇ 12,32,16 ਦੀ ਵਰਤੋਂ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸੈਂਟਰ ਵੱਲੋਂ ਸਬਸਿਡੀ ਖਾਦ ਵਿੱਚ ਮੌਜੂਦ ਤੱਤ ਉੱਤੇ ਦਿੱਤੀ ਜਾਂਦੀ ਹੈ। ਜੇਕਰ ਕਿਸਾਨ ਵੀਰ ਇਨ੍ਹਾਂ ਦੋ ਖਾਦਾਂ ਦੀ ਵਰਤੋਂ ਕਰਦੇ ਹਨ, ਤਾਂ ਉਨ੍ਹਾਂ ਨੂੰ ਉੰਨੇ ਹੀ ਖਰਚੇ ਵਿੱਚ ਜਿੱਥੇ ਭਰਪੂਰ ਮਾਤਰਾ ਦੇ ਵਿੱਚ ਨਾਈਟਰੋਜਨ ਦੀ ਮਾਤਰਾ ਮਿਲੇਗੀ।
ਉਸ ਦੇ ਨਾਲ ਹੀ ਉਹਨਾਂ ਨੂੰ ਕੁਝ ਹੋਰ ਤੱਤ ਵੀ ਇਸ ਵਿੱਚ ਉਪਲਬਧ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇੱਕ ਏਕੜ ਦੇ ਲਈ 55 ਕਿਲੋ ਖਾਦਾਂ ਦੀ ਸਿਫਾਰਿਸ਼ ਕੀਤੀ ਗਈ ਹੈ। ਜਿਸ ਦੇ ਵਿੱਚ ਕਿਸਾਨ ਸਿੰਗਲ ਸੁਪਰ ਫਾਸਫੇਟ ਅਤੇ ਐਨਪੀਕੇ ਖਾਦ ਦੀ ਵਰਤੋਂ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਇਸ ਤੋਂ ਇਲਾਵਾ ਕਿਸਾਨ ਵੀਰ ਜੈਵਿਕ ਜੀਵਾਣੂ ਖਾਦ ਦੀ ਵਰਤੋਂ ਵੀ ਕਰ ਸਕਦੇ ਹਨ।
ਡੀਏਪੀ ਦੀ ਖਾਦ ਦੀ ਕਮੀ ਕਰਕੇ ਕਿਸਾਨਾਂ ਨੂੰ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਡੀਏਪੀ ਖਾਦ ਵਿੱਚ ਜਿਹੜੇ ਤੱਤ ਹੁੰਦੇ ਹਨ, ਉਹ ਤੱਤ ਹੋਰਨਾਂ ਖਾਦਾਂ ਦੇ ਵਿੱਚ ਵੀ ਵਧੇਰੇ ਪਾਏ ਜਾਂਦੇ ਹਨ। ਬਾਜ਼ਾਰ ਵਿੱਚੋਂ ਸਿੰਗਲ ਸੁਪਰ ਫਾਸਫੇਟ ਅਤੇ 12,32,16 ਦੀ ਵਰਤੋਂ ਵੀ ਕਰ ਸਕਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇੱਕ ਏਕੜ ਦੇ ਲਈ 55 ਕਿਲੋ ਖਾਦਾਂ ਦੀ ਸਿਫਾਰਿਸ਼ ਕੀਤੀ ਗਈ ਹੈ। ਜੇਕਰ ਕਿਸੇ ਕਿਸਾਨ ਨੂੰ ਕੋਈ ਸਮੱਸਿਆ ਵੀ ਆਉਂਦੀ ਹੈ, ਤਾਂ ਉਹ ਆਪਣੇ ਨਜ਼ਦੀਕੀ ਕ੍ਰਿਸ਼ੀ ਕੇਂਦਰ ਦੇ ਵਿੱਚ ਜਾ ਕੇ ਇਸ ਦੀ ਸ਼ਿਕਾਇਤ ਕਰ ਸਕਦਾ ਹੈ। ਖਾਦ ਖਰਾਬ ਜਾਂ ਫਿਰ ਨਕਲੀ ਨਿਕਲੀ ਤਾਂ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ।
- ਡਾਕਟਰ ਗੋਬਿੰਦਰ ਸਿੰਘ, ਮਾਹਿਰ, ਪੀਏਯੂ
ਕਿਸਾਨਾਂ ਨੂੰ ਸਲਾਹ
ਸੋਇਲ ਸਾਇੰਸ ਦੇ ਵਿਗਿਆਨੀ ਡਾਕਟਰ ਗੋਬਿੰਦਰ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਕੋਈ ਵੀ ਫ਼ਸਲ ਬੀਜਣ ਤੋਂ ਪਹਿਲਾਂ ਜਾਂ ਫਿਰ ਖਾਦ ਪਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਮਿੱਟੀ ਦੀ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਹੋ ਆਪਣੇ ਨਜ਼ਦੀਕੀ ਖੇਤੀਬਾੜੀ ਦਫ਼ਤਰ ਵਿੱਚ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਮੁਤਾਬਕ ਮਿੱਟੀ ਹੈ ਅਤੇ ਉਸ ਦੇ ਮੁਤਾਬਕ ਹੀ ਖਾਦਾਂ ਪਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਕਿਤੇ ਨਾਈਟਰੋਜਨ ਦੀ ਮਾਤਰਾ ਜਿਆਦਾ ਪਾਉਣ ਦੀ ਲੋੜ ਹੈ ਅਤੇ ਕਿਤੇ ਕਿਸੇ ਹੋਰ ਤੱਤ ਦੀ ਇਸ ਕਰਕੇ ਕਿਸਾਨ ਵੀਰ ਮਿੱਟੀ ਜਾਂਚ ਜ਼ਰੂਰ ਕਰਵਾ ਲੈਣ। ਉਨ੍ਹਾਂ ਕਿਹਾ ਕਿ ਪੀਏਯੂ ਵੱਲੋਂ ਦਰਮਿਆਨੀਆਂ ਜ਼ਮੀਨਾਂ ਵਿੱਚ 55 ਕਿਲੋ ਡੀਏਪੀ ਪ੍ਰਤੀ ਏਕੜ ਸਿਫਾਰਿਸ਼ ਹੈ। 20 ਕਿਲੋ ਪ੍ਰਤੀ ਏਕੜ ਪਟਾਸ ਦੀ ਲੋੜ ਹੈ। ਫਾਸਫੋਰਸ ਦੀ ਵੀ ਲੋੜ ਹੈ।
ਨਕਲੀ ਖਾਦ ਦੀ ਸ਼ਿਕਾਇਤ
ਡਾਕਟਰ ਗੋਬਿੰਦਰ ਨੇ ਦੱਸਿਆ ਕਿ ਕਈ ਕੰਪਨੀਆਂ ਵੱਲੋਂ ਡੀਏਪੀ ਖਾਦ ਬਣਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿੰਨੀਆਂ ਵੀ ਕੰਪਨੀਆਂ ਖਾਦ ਬਣਾਉਂਦੀਆਂ ਹਨ,ਉਹ ਭਾਰਤ ਦੇ ਖੇਤੀਬਾੜੀ ਵਿਭਾਗ ਵੱਲੋਂ ਪ੍ਰਮਾਣਿਤ ਹਨ। ਇਸੇ ਕਰਕੇ ਜੇਕਰ ਕਿਸੇ ਕਿਸਾਨ ਨੂੰ ਕੋਈ ਸਮੱਸਿਆ ਵੀ ਆਉਂਦੀ ਹੈ ਤਾਂ ਉਹ ਆਪਣੇ ਨਜ਼ਦੀਕੀ ਕ੍ਰਿਸ਼ੀ ਕੇਂਦਰ ਦੇ ਵਿੱਚ ਜਾ ਕੇ ਇਸ ਦੀ ਸ਼ਿਕਾਇਤ ਕਰ ਸਕਦਾ ਹੈ ਜਿਸ ਤੋਂ ਬਾਅਦ ਲੈਬ ਵਿੱਚ ਉਸ ਦੀ ਖਾਦ ਦੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੱਤ ਘੱਟ ਪਾਇਆ ਜਾਂਦਾ ਹੈ, ਤਾਂ ਉਸ ਸੰਬੰਧਤ ਕੰਪਨੀ ਦੇ ਖਿਲਾਫ ਕਾਨੂੰਨ ਦੇ ਮੁਤਾਬਿਕ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਘੱਟ ਹੁੰਦਾ ਹੈ ਕਿ ਕੋਈ ਖਾਦ ਖਰਾਬ ਜਾਂ ਫਿਰ ਨਕਲੀ ਹੋਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੇਰੀ ਇਹੀ ਅਪੀਲ ਹੈ ਕਿ ਉਹ ਘਬਰਾਉਣ ਨਾ, ਉਹ ਸਾਰੇ ਹੀ ਖਾਦਾਂ ਦੇ ਵਿਕਲਪ ਜ਼ਰੂਰ ਵੇਖ ਲੈਣ।