ਪੰਜਾਬ ਦੇ ਮੰਤਰੀ ਦਾ ਨਵਾਂ ਉਪਰਾਲਾ (Etv Bharat (ਪੱਤਰਕਾਰ, ਅੰਮ੍ਰਿਤਸਰ)) ਅੰਮ੍ਰਿਤਸਰ:ਅਜੋਕੇ ਦੌਰ ਵਿੱਚ ਧਰਤੀ ਅਤੇ ਧਰਤੀ ਹੇਠਲਾਂ ਪਾਣੀ ਵੱਖ-ਵੱਖ ਫਸਲਾਂ ਉਗਾਉਣ ਲਈ ਵਰਤੀਆਂ ਜਾਂਦੀਆਂ ਕੀਟ ਨਾਸ਼ਕ ਦਵਾਈਆਂ ਦੇ ਕਾਰਨ ਬੇਹੱਦ ਜ਼ਹਰੀਲਾ ਹੁੰਦਾ ਜਾ ਰਿਹਾ ਹੈ, ਜੋ ਕਿ ਭਵਿੱਖ ਵਿੱਚ ਕਿਸੇ ਵੱਡੀ ਆਫਤ ਦਾ ਵੱਡਾ ਸੰਕੇਤ ਹੈ। ਇਸ ਨੂੰ ਬਚਾਉਣ ਲਈ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਜੈਵਿਕ ਖੇਤੀ ਪ੍ਰਤੀ ਉਤਸ਼ਾਹਿਤ ਕਰਨ ਲਈ ਇੱਕ ਖਾਸ ਖੇਤੀ ਜਾਗ੍ਰਤੀ ਪ੍ਰੋਗਰਾਮ ਉਲੀਕਿਆ ਗਿਆ ਹੈ।
ਸੈਂਕੜੇ ਕਿਸਾਨਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ
ਇਹ ਪ੍ਰੋਗਰਾਮ ਅੰਮ੍ਰਿਤਸਰ ਦੇ ਕਸਬਾ ਜੰਡਿਆਲਾ ਗੁਰੂ ਦੇ ਨਜ਼ਦੀਕ ਪਿੰਡ ਮਾਨਾਂਵਾਲਾ ਕਲਾਂ ਵਿਖੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਖੇਤੀ ਜਾਗ੍ਰਤੀ ਪ੍ਰੋਗਰਾਮ ਕਰਵਾਇਆ ਗਿਆ ਹੈ। ਜਿਸ ਦਾ ਮੁੱਖ ਮਨੋਰਥ ਕਿਸਾਨਾਂ ਨੂੰ ਜੈਵਿਕ ਖੇਤੀ ਬਾਰੇ ਜਾਗਰੂਕ ਕਰਨ ਦਾ ਸੀ। ਇਸ ਪ੍ਰੋਗਰਾਮ ਵਿੱਚ ਆਸ-ਪਾਸ ਦੇ ਪਿੰਡਾਂ ਦੇ ਸੈਂਕੜੇ ਕਿਸਾਨਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਹੈ।
ਪਾਣੀ ਦੀ ਦੇਖਭਾਲ ਅਤੇ ਸੰਭਾਲ
ਪ੍ਰੋਗਰਾਮ ਵਿੱਚ ਪਹੁੰਚੇ ਖੇਤੀਬਾੜੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਜੈਵਿਕ ਖੇਤੀ ਦੀ ਜਾਣਕਾਰੀ, ਕਿਸਾਨੀ ਆਮਦਨ ਵਿੱਚ ਵਾਧਾ, ਖੇਤੀ ਦੀ ਸਰਵਪੱਖੀ ਸੰਭਾਲ, ਪਾਣੀ ਦੀ ਦੇਖਭਾਲ ਅਤੇ ਸੰਭਾਲ, ਬਹੁ-ਫ਼ਸਲੀ ਵਿਭਿੰਨਤਾ ਅਪਣਾਉਣਾ ਅਤੇ ਬਾਗਬਾਨੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਮਾਰੂ ਬਿਮਾਰੀਆਂ ਦੇ ਸ਼ਿਕਾਰ
ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਨੇ ਆਏ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਕਾਰਨ ਅਸੀਂ ਮਾਰੂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ। ਜਿਸ ਲਈ ਸਾਨੂੰ ਵੱਧ ਤੋਂ ਵੱਧ ਜੈਵਿਕ ਖੇਤੀ ਵੱਲ ਧਿਆਨ ਦੇ ਕੇ ਆਪਣੀ ਧਰਤੀ ਅਤੇ ਪਾਣੀ ਨੂੰ ਜ਼ਹਿਰੀਲਾ ਹੋਣ ਤੋਂ ਬਚਾਉਣ ਲਈ ਵਚਨਬੱਧ ਹੋਣਾ ਚਾਹੀਦਾ ਹੈ।
ਖਾਦ ਪਦਾਰਥਾਂ ਦੀ ਪ੍ਰਦਰਸ਼ਨੀ
ਇਸ ਮੌਕੇ ਸੰਸਥਾ ਵੱਲੋਂ ਜੈਵਿਕ ਖਾਦ ਨਾਲ ਤਿਆਰ ਵੱਖ-ਵੱਖ ਖਾਦ ਪਦਾਰਥਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਆਏ ਹੋਏ ਮਹਿਮਾਨਾਂ ਨੂੰ ਪ੍ਰਸ਼ਾਦ ਵਜੋਂ ਬੂਟਾ ਦੇ ਕੇ ਪ੍ਰੇਰਿਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਜਸਵਿੰਦਰ ਸਿੰਘ ਐਮ ਐਲ ਏ ਅਟਾਰੀ, ਸਵਿੰਦਰ ਸਿੰਘ ਬਬਲਾ, ਸਵਾਮੀ ਰੰਜਿਤਾਨੰਦ, ਡਾ. ਆਦੇਸ਼ਪਾਲ ਵਿਗ, ਡਾ. ਰਾਕੇਸ਼ ,ਬਲਵਿੰਦਰ ਸਿੰਘ ਇੰਸਪੈਕਟਰ ਨਗਰ ਕੌਂਸਿਲ, ਡਾ. ਰਾਜਨ ਗੁਪਤਾ, ਡਾਕਟਰ ਲੁਪਿੰਦਰ ਕੁਮਾਰ, ਨਰੇਸ਼ ਪਾਠਕ ਮੈਂਬਰ ਐਸ ਐਸ ਬੋਰਡ ਪੰਜਾਬ, ਛਨਾਖ ਸਿੰਘ ਚੇਅਰਮੈਨ, ਸਤਿੰਦਰ ਸਿੰਘ, ਸੁਖਵਿੰਦਰ ਸਿੰਘ ਸੋਨੀ, ਦਿਲਬਾਗ ਸਿੰਘ ਸਰਪੰਚ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ।
ਜੈਵਿਕ ਖੇਤੀ ਉੱਤੇ ਧਿਆਨ
ਇਸ ਦੌਰਾਨ ਵੱਖ-ਵੱਖ ਕਿਸਾਨਾਂ ਨੇ ਵੀ ਗੱਲਬਾਤ ਕਰਦੇ ਹੋਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਚਨਬੱਧਤਾ ਦਰਸਾਈ ਕੇ ਸਮੁੱਚੀ ਮਾਨਵਤਾ ਦੀ ਭਲਾਈ ਦੇ ਲਈ ਹਰ ਇੱਕ ਕਿਸਾਨ ਨੂੰ ਆਪੋ ਆਪਣੀ ਜਿੰਮੇਵਾਰੀ ਸੰਭਾਲਦੇ ਹੋਏ ਜੈਵਿਕ ਖੇਤੀ ਉੱਤੇ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਭਵਿੱਖ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ।