ਪਟਿਆਲਾ 'ਚ ਰਾਵਣ ਦਹਿਨ ਲਈ ਕੀਤੀ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ - ਦੁਸ਼ਹਿਰੇ ਦਾ ਤਿਉਹਾਰ
🎬 Watch Now: Feature Video
ਪਟਿਆਲਾ : ਸ਼ਹਿਰ ਦੇ ਵੀਰ ਹਕੀਕਤ ਰਾਏ ਗਰਾਉਂਡ ਵਿੱਚ ਸ਼ਿਵ ਸੈਨਾ ਵੱਲੋਂ ਦੁਸ਼ਹਿਰੇ ਮੌਕੇ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਅਦਾਲਤ ਦੇ ਆਦੇਸ਼ਾਂ ਦੀ ਅਣਗਿਹਲੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਇਸ ਸਮਾਗਮ ਵਿੱਚ ਐਮਪੀ ਪ੍ਰਨੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਿਥੇ ਸੂਬੇ ਭਰ ਵਿੱਚ ਵੱਖ-ਵੱਖ ਥਾਵਾਂ ਉੱਤੇ ਸ਼ਾਮ ਦੇ ਸਮੇਂ 5 ਤੋਂ 7 ਵਜੇ ਤੱਕ ਰਾਵਣ ਦਹਿਨ ਕੀਤਾ ਗਿਆ। ਉਥੇ ਹੀ ਪਟਿਆਲਾ ਵਿੱਚ ਐਮਪੀ ਪਰਨੀਤ ਕੌਰ ਦੀ ਮੌਜੂਦਗੀ ਵਿੱਚ ਕਾਨੂੰਨ ਦੀ ਉਲੰਘਣਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਟਿਆਲਾ ਦੇ ਵੀਰ ਹਕੀਕਤ ਰਾਏ ਗਰਾਉਂਡ ਵਿੱਚ ਦੇਰ ਰਾਤ ਸਭ ਤੋਂ ਲੇਟ 9 ਵਜ ਕੇ 25 ਮਿੰਟ ਉੱਤੇ ਰਾਵਣ, ਕੁੰਭਕਰਨ ਤੇ ਮੇਘਨਾਥ ਦਾ ਪੁਤਲਾ ਫੁਕਿਆ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਹਾਈਕੋਰਟ ਵੱਲੋਂ ਰਾਵਣ ਦਹਿਨ ਲਈ ਸ਼ਾਮ 5 ਵਜੇ ਤੋਂ 7 ਵਜੇ ਤੱਕ ਦਾ ਸਮਾਂ ਤੈਅ ਕੀਤਾ ਗਿਆ ਸੀ। ਇਸ ਸਮਾਗਮ ਦੌਰਾਨ ਜਿੱਥੇ ਪ੍ਰਨੀਤ ਕੌਰ ਨੇ ਲੋਕਾਂ ਨੂੰ ਆਪਸੀ ਭਾਈਚਾਰੇ, ਸੱਭਿਆਚਾਰ ਨਾਲ ਜੁੜੇ ਰਹਿਣ ਅਤੇ ਵਾਤਾਵਰਣ ਦੇ ਬਚਾਅ ਲਈ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਕਿਹਾ ਉਥੇ ਹੀ ਉਨ੍ਹਾਂ ਦੀ ਮੌਜੂਦਗੀ ਵਿੱਚ ਵਾਤਾਵਰਣ ਦੇ ਬਚਾਅ ਸਬੰਧੀ ਕਾਨੂੰਨੀ ਆਦੇਸ਼ਾਂ ਦੀ ਉਲੰਘਣਾ ਕੀਤੀ ਗਈ। ਪਟਿਆਲਾ ਸ਼ਹਿਰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰ ਹੈ ਪਰ ਫਿਰ ਵੀ ਇੱਥੇ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਜਾਰੀ ਹੈ।
Last Updated : Oct 9, 2019, 2:53 PM IST