ਲਖੀਮਪੁਰ ਵਿੱਚ ਹੋਏ ਹਾਦਸੇ ਦੇ ਵਿਰੋਧ 'ਚ ਸ਼ਿਵ ਸੈਨਾ ਨੇ ਫੂਕਿਆ ਪੁਤਲਾ
ਸ੍ਰੀ ਫ਼ਤਿਹਗੜ੍ਹ ਸਾਹਿਬ: ਲਖੀਮਪੁਰ ਖੀਰੀ ਵਿਖੇ ਹੋਏ ਦਰਦਨਾਕ ਹਾਦਸੇ ਦੀ ਸ਼ਿਵ ਸੈਨਾ ਬਾਲ ਠਾਕਰੇ ਵਲੋਂ ਨਿਖੇਧੀ ਕਰਦੇ ਹੋਏ ਫਤਿਹਗੜ੍ਹ ਸਾਹਿਬ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਕੇਂਦਰ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਲਾਲੀ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਹਰਜਿੰਦਰ ਠਾਕੁਰ ਨੇ ਕਿਹਾ ਕਿ ਅਪਣੇ ਹੱਕਾਂ ਲਈ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ 'ਤੇ ਇਸ ਤਰ੍ਹਾਂ ਦੇ ਕਾਤਲਾਨਾ ਹਮਲੇ ਕਦੇ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ। ਸ਼ਿਵ ਸੈਨਾ ਬਾਲ ਠਾਕਰੇ ਪੂਰੀ ਤਰਾਂ ਨਾਲ ਕਿਸਾਨਾਂ ਦੇ ਨਾਲ ਹੈ ਅਤੇ ਭਵਿੱਖ ਵਿੱਚ ਵੀ ਕਿਸਾਨਾਂ ਦੇ ਨਾਲ ਚੱਟਾਨ ਵਾਂਗ ਖੜੀ ਰਹੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦਾ ਤਾਨਾਸ਼ਾਹੀ ਰਵੱਈਆ ਦੇਸ਼ ਲਈ ਖਤਰਨਾਕ ਹੈ ਅਤੇ ਅਸੀਂ ਇਸ ਰਵੱਈਏ ਦਾ ਸਖ਼ਤ ਵਿਰੋਧ ਕਰਦੇ ਹਾਂ।