ਭਾਰਤੀ ਮਾਰਕਸਵਾਦੀ ਇਨਕਲਾਬੀ ਪਾਰਟੀ ਵੱਲੋਂ ਪੁਲਿਸ ਵਿਰੁੱਧ ਰੋਸ ਪ੍ਰਦਰਸ਼ਨ
🎬 Watch Now: Feature Video
ਤਰਨ ਤਾਰਨ : ਭਾਰਤੀ ਮਾਰਕਸਵਾਦੀ ਇਨਕਲਾਬੀ ਪਾਰਟੀ ਵੱਲੋਂ ਪੁਲਿਸ ਅਧਿਕਾਰੀਆਂ ਦੇ ਵਿਰੁੱਧ ਐੱਸਐੱਸਪੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਧਰਨੇ ਦੇ ਦੌਰਾਨ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਸ਼ਾਮਲ ਹੋਏ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਅਤੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਉੱਤੇ ਧੱਕੇਸ਼ਾਹੀ ਕੀਤੇ ਜਾਣ ਦਾ ਦੋਸ਼ ਲਾਉਂਦੇ ਹੋਏ ਆਖਿਆ ਕਿ ਪੁਲਿਸ ਨੇ ਸਿਆਸੀ ਸ਼ਹਿ 'ਤੇ ਵੱਖ-ਵੱਖ ਕਿਸਾਨ ਜੱਥੇਬੰਦੀਆਂ ਅਤੇ ਕਿਸਾਨ ਪਾਰਟੀਆਂ ਦੇ ਆਗੂਆਂ ਉੱਤੇ ਪਰਚੇ ਦਰਜ ਕੀਤੇ ਹਨ। ਪ੍ਰਦਰਸ਼ਨਕਾਰੀ ਆਗੂ ਸੁਲਖੱਣ ਸਿੰਘ ਤੁੜ ਨੇ ਕਿਹਾ ਕਿ ਪੁਲਿਸ ਸਿਆਸੀ ਲੋਕਾਂ ਦੀ ਸ਼ਹਿ ਉੱਤੇ ਕੰਮ ਕਰ ਰਹੀ ਹੈ। ਪੁਲਿਸ ਵੱਲੋਂ ਕਈ ਪਾਰਟੀ ਵਰਕਰਾਂ ਉੱਤੇ ਝੂਠੇ ਪਰਚੇ ਦਰਜ ਕੀਤੇ ਗਏ ਹਨ ਜਿਸਦੇ ਸਬੰਧ ਵਿੱਚ ਉਹ ਕਈ ਵਾਰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮਿਲ ਚੱਕੇ ਹਨ। ਉਨ੍ਹਾਂ ਆਖਿਆ ਕਿ ਪੁਲਿਸ ਅਧਿਕਾਰੀ ਉਨ੍ਹਾਂ ਨੂੰ ਲਾਅਰੇ ਲਗਾ ਰਹੇ ਹਨ। ਪੁਲਿਸ ਵੱਲੋਂ ਇਨ੍ਹਾਂ ਕੇਸਾਂ ਦੀ ਜਾਂਚ ਨਹੀਂ ਕੀਤੀ ਜਾ ਰਹੀ ਜਿਸ ਦੇ ਕਾਰਨ ਮਜ਼ਬੂਰ ਹੋ ਕੇ ਉਨ੍ਹਾਂ ਨੂੰ ਧਰਨਾ ਦੇਣਾ ਪਿਆ। ਦੂਜੇ ਪਾਸੇ ਇਸ ਸਬੰਧ ਵਿੱਚ ਜ਼ਿਲ੍ਹੇ ਦੇ ਐੱਸਐੱਸਪੀ ਜੇ.ਐੱਸ ਵਾਲੀਆ ਨੇ ਪ੍ਰਦਰਸ਼ਨਕਾਰੀਆਂ ਦੀ ਸ਼ਿਕਾਇਤਾਂ ਸੁਣ ਕੇ ਵੱਖ-ਵੱਖ ਮਾਮਲਿਆਂ ਦੀ ਜਾਂਚ ਕਰਵਾਏ ਜਾਣ ਦਾ ਭਰੋਸਾ ਦਿੱਤਾ।