ਜਥੇਦਾਰ ਨੇ ਬਾਬਾ ਰਾਮ ਸਿੰਘ ਦੀ ਮੌਤ 'ਤੇ ਪ੍ਰਗਟਾਇਆ ਦੁੱਖ, ਕਿਹਾ- ਮੋਦੀ ਸਰਕਾਰ ਘਟਨਾ ਤੋਂ ਸਬਕ ਲਵੇ
ਤਲਵੰਡੀ ਸਾਬੋ: ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਵਿਖੇ ਸੰਘਰਸ਼ ਦੌਰਾਨ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਬਾਬਾ ਰਾਮ ਸਿੰਘ ਸੰਘੇੜੀ ਵਾਲਿਆਂ ਦੀ ਮੌਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਹੁਤ ਹੀ ਦੁੱਖਦਾਈ ਘਟਨਾ ਕਿਹਾ ਹੈ। ਉਨ੍ਹਾਂ ਕਿਹਾ ਕਿ ਜਿੱਦੀ ਭਾਰਤ ਸਰਕਾਰ ਨੂੰ ਇਸ ਘਟਨਾ ਤੋਂ ਸਬਕ ਸਿੱਖਦੇ ਹੋਏ ਕਿਸਾਨਾਂ ਦੀ ਮੰਗ ਵੱਲ ਗੌਰ ਕਰਨਾ ਚਾਹੀਦਾ ਹੈ ਅਤੇ ਖੇਤੀ ਕਾਨੂੰਨ ਰੱਦ ਕਰਨੇ ਚਾਹੀਦੇ ਹਨ ਨਹੀਂ ਤਾਂ ਹਾਲਾਤ ਹੋਰ ਨਾਜ਼ੁਕ ਹੋ ਸਕਦੇ ਹਨ। ਅਜਿਹੇ ਰਵੱਈਏ ਜਨਤਾ ਦਾ ਘਾਣ ਕਰਦੇ ਹਨ ਅਤੇ ਜੇਕਰ ਮੋਰਚੇ ਦੌਰਾਨ ਕਿਸਾਨਾਂ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਜ਼ਿੰਮੇਵਾਰ ਸਰਕਾਰ ਹੋਵੇਗੀ। ਉਨ੍ਹਾਂ ਸੰਘਰਸ਼ ਦੌਰਾਨ ਨੌਜਵਾਨਾਂ, ਜਥੇਬੰਦੀਆਂ ਅਤੇ ਸਾਰੇ ਸੰਘਰਸ਼ਸ਼ੀਲ ਲੋਕਾਂ ਨੂੰ ਸੰਜਮ ਬਣਾਈ ਰੱਖਦੇ ਹੋਏ ਸੰਘਰਸ਼ ਜਿੱਤਣ ਦੀ ਅਪੀਲ ਕੀਤੀ।