ਸ੍ਰੀ ਫ਼ਤਿਹਗੜ੍ਹ ਸਾਹਿਬ : ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਅਕਾਲੀ ਦਲ ਦੀ ਟਿਕਟ ਨਾ ਮਿਲਣ ਤੋਂ ਪਾਰਟੀ ਨਾਲ ਨਾਰਾਜ਼ ਚੱਲ ਰਹੇ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਵਿਧਾਇਕ ਤੇ ਸਾਬਕਾ ਸ੍ਰੋਮਣੀ ਕਮੇਟੀ ਮੈਂਬਰ ਦੀਦਾਰ ਸਿੰਘ ਭੱਟੀ ਆਪਣੇ ਪਰਿਵਾਰ ਅਤੇ ਸਮਰਥਕਾਂ ਸਮੇਤ ਭਾਜਪਾ ’ਚ ਸ਼ਾਮਲ ਹੋ ਗਏ ਹਨ। ਭੱਟੀ ਦੇ ਭਾਜਪਾ ’ਚ ਜਾਣ ਨਾਲ ਜਿੱਥੇ ਹਲਕੇ ਦੇ ਸਮੀਕਰਨ ਬਦਲਣ ਲੱਗ ਪਏ ਹਨ ਉੱਥੇ ਅਕਾਲੀ ਦਲ ਨੂੰ ਨੁਕਸਾਨ ਹੋਣਾ ਸ਼ੁਭਾਵਿਕ ਹੈ ਕਿਉਂਕਿ ਦੀਦਾਰ ਸਿੰਘ ਭੱਟੀ ਜਿੱਥੇ ਹਲਕੇ ਦੇ ਵਰਕਰਾਂ ’ਚ ਚੰਗਾ ਅਸਰ ਰਸੂਖ ਰੱਖਦੇ ਹਨ, ਉੱਥੇ ਉਨ੍ਹਾਂ ਦਾ ਹਲਕੇ ’ਚ ਆਪਣਾ ਵੋਟ ਬੈਂਕ ਵੀ ਹੈ। ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਫ਼ੈਸਲਾ ਕਰਕੇ ਖੇਤੀ ਕਾਨੂੰਨ ਰੱਦ ਕੀਤੇ, ਜਿਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਭਾਜਪਾ ਨੂੰ ਚੁਣਿਆ ਹੈ ਤਾਂ ਹੀ ਉਹ ਭਾਜਪਾ ਵਿਚ ਸ਼ਾਮਲ ਹੋਏ ਹਨ।