ਤਰਨ ਤਾਰਨ: ਬੀਤੇ ਦਿਨੀਂ ਜਿਥੇ ਯੂਪੀ ਦੇ ਪੀਲੀਭੀਤ 'ਚ ਪੰਜਾਬ ਪੁਲਿਸ ਵਲੋਂ ਖਾਲਿਸਤਾਨੀ ਹਮਾਇਤੀ ਦੱਸਦੇ ਤਿੰਨ ਨੌਜਵਾਨਾਂ ਦਾ ਮੁਕਾਬਲਾ ਕੀਤਾ ਗਿਆ ਸੀ ਤਾਂ ਹੁਣ ਤਰਨ ਤਾਰਨ ਦੇ ਥਾਣਾ ਚੋਹਲਾ ਸਾਹਿਬ 'ਚ ਵੀ ਦੇਰ ਰਾਤ ਪੁਲਿਸ ਨੇ ਇੱਕ ਹੋਰ ਮੁਕਾਬਲਾ ਕੀਤਾ ਹੈ। ਜਿਸ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਆਹਮੋ ਸਾਹਮਣੇ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਇਸ 'ਚ ਦੋ ਬਦਮਾਸ਼ਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਵੀ ਨਿਕਲ ਕੇ ਸਾਹਮਣੇ ਆਈ ਹੈ।
ਬਜ਼ੁਰਗ ਜੋੜੇ ਤੋਂ ਮੰਗੀ ਸੀ ਫਿਰੌਤੀ
ਜਾਣਕਾਰੀ ਅਨੁਸਾਰ ਬਦਮਾਸ਼ਾਂ ਵੱਲੋਂ ਮੰਡ ਇਲਾਕੇ ਵਿੱਚ ਕੀਤੀ ਗਈ ਫਾਇਰਿੰਗ ਤੋਂ ਬਾਅਦ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਦੋ ਮੁਲਜ਼ਮਾਂ ਦੇ ਪੈਰ ਵਿੱਚ ਗੋਲੀਆਂ ਲੱਗਣ ਨਾਲ ਉਹ ਜ਼ਖਮੀ ਹੋ ਗਏ, ਜਿਨਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ ਹੈ। ਜਦਕਿ ਉਨ੍ਹਾਂ ਦੇ ਤੀਜੇ ਸਾਥੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਅਨੁਸਾਰ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਵਿਦੇਸ਼ ਵਿੱਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਸਾਥੀ ਹਨ, ਜੋ ਲੋਕਾਂ ਪਾਸੋਂ ਫਿਰੌਤੀ ਮੰਗਣ ਦਾ ਕੰਮ ਕਰਦੇ ਸਨ। ਇੰਨ੍ਹਾਂ ਵਲੋਂ ਬੀਤੇ ਦਿਨੀਂ ਸਿਹਤ ਵਿਭਾਗ ਤੋਂ ਸੇਵਾ ਮੁਕਤ ਬਜ਼ੁਰਗ ਜੋੜੇ ਪਾਸੋਂ ਵੀ 50 ਲੱਖ ਦੀ ਫਿਰੌਤੀ ਮੰਗੀ ਗਈ ਸੀ।
ਇਹ ਨੇ ਕਾਬੂ ਕੀਤੇ ਮੁਲਜ਼ਮਾਂ ਦੇ ਨਾਮ
ਦੱਸ ਦਈਏ ਕਿ ਪੁਲਿਸ ਵੱਲੋਂ ਫੜੇ ਗਏ ਬਦਮਾਸ਼ਾਂ ਦੀ ਪਛਾਣ ਕੁਲਦੀਪ ਸਿੰਘ ਲੱਡੂ, ਯਾਦਵਿੰਦਰ ਸਿੰਘ ਯਾਦਾ ਅਤੇ ਪ੍ਰਭਜੀਤ ਸਿੰਘ ਜੱਜ ਵੱਜੋਂ ਹੋਈ ਹੈ। ਪੁਲਿਸ ਅਤੇ ਬਦਮਾਸ਼ਾਂ ਵਿੱਚ ਹੋਈ ਫਾਈਰਿੰਗ ਦੌਰਾਨ ਕੁਲਦੀਪ ਸਿੰਘ ਲੱਡੂ ਅਤੇ ਯਾਦਵਿੰਦਰ ਸਿੰਘ ਯਾਦਾ ਦੇ ਪੈਰਾਂ ਵਿੱਚ ਗੋਲੀਆਂ ਲੱਗੀਆਂ ਹਨ। ਜ਼ਖਮੀਆਂ ਨੂੰ ਪੁਲਿਸ ਵੱਲੋਂ ਹਸਪਤਾਲ ਦਾਖਲ ਕਰਵਾਇਆ ਹੈ, ਜਦਕਿ ਉਨ੍ਹਾਂ ਦੇ ਸਾਥੀ ਪ੍ਰਭਜੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਪੁਲਿਸ ਨੇ ਸੂਚਨਾ ਮਿਲਣ 'ਤੇ ਕੀਤੀ ਸੀ ਕਾਰਵਾਈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਗੋਇੰਦਵਾਲ ਸਾਹਿਬ ਅਤੁੱਲ ਸੋਨੀ ਨੇ ਦੱਸਿਆ ਕਿ, ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਵੀਰ ਸਿੰਘ ਪੁੱਤਰ ਬਘੇਲ ਸਿੰਘ ਵਾਸੀ ਰੂੜੀਵਾਲਾ ਨੇ ਦੱਸਿਆ ਸੀ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਦੋਵੇਂ ਸਿਹਤ ਵਿਭਾਗ ਤੋਂ ਸੇਵਾ ਮੁਕਤ ਹੋ ਚੁੱਕੇ ਹਨ ਅਤੇ ਇਸ ਵੇਲੇ ਸਰਕਾਰ ਤੋਂ ਮਿਲਣ ਵਾਲੀ ਪੈਨਸ਼ਨ ਲੈ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਦੱਸਿਆ ਸੀ ਕਿ ਮੋਬਾਈਲ ਉੱਤੇ ਆਏ ਫੋਨ ਰਾਹੀ ਉਨ੍ਹਾਂ ਤੋਂ 1 ਕਰੋੜ ਦੀ ਰੰਗਦਾਰੀ ਮੰਗੀ ਜਾ ਰਹੀ ਸੀ, ਰੰਗਦਾਰੀ ਨਾ ਦੇਣ 'ਤੇ ਉਕਤ ਲੋਕਾਂ ਵੱਲੋਂ ਵਾਰ-ਵਾਰ ਫੋਨ ਕਰਕੇ ਬਾਅਦ ਵਿੱਚ ਪੰਜਾਹ ਲੱਖ ਰੁਪਏ ਮੰਗੇ ਜਾ ਰਹੇ ਸੀ। ਉਨ੍ਹਾਂ ਦੱਸਿਆ ਸੀ ਕਿ ਫੋਨ ਕਰਨ ਵਾਲੇ ਖੁਦ ਨੂੰ ਲਖਬੀਰ ਸਿੰਘ ਲੰਡਾ ਦੇ ਸਾਥੀ ਦੱਸਦੇ ਸਨ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਬਦਮਾਸ਼ਾਂ ਨੇ ਚਲਾਈ ਪੁਲਿਸ 'ਤੇ ਗੋਲੀ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਲੋਕਾਂ ਬਾਰੇ ਪੁਲਿਸ ਨੂੰ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਸੀਆਈਏ ਸਟਾਫ ਅਤੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਵੱਲੋਂ ਇਨ੍ਹਾਂ ਨੂੰ ਰਾਊਂਡ ਅੱਪ ਕੀਤਾ ਗਿਆ ਤਾਂ ਇਨ੍ਹਾਂ ਬਦਮਾਸ਼ਾਂ ਵੱਲੋਂ ਪੁਲਿਸ 'ਤੇ ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਤਿੰਨ ਬਦਮਾਸ਼ਾਂ ਵਿਚੋਂ ਦੋ ਦੇ ਪੈਰ ਵਿੱਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਹਨ, ਜਿੰਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਹੈ, ਜਦਕਿ ਤੀਜਾ ਸਾਥੀ ਪੁਲਿਸ ਹਿਰਾਸਤ 'ਚ ਹੈ।