ਫ਼ਤਿਹਗੜ੍ਹ ਪ੍ਰਸ਼ਾਸਨ ਨੇ ਲੋਕਾਂ ਨੂੰ ਸਹੂਲਤਾਂ ਲਈ ਸਮਾਂ ਸਾਰਨੀ ਕੀਤੀ ਜਾਰੀ - covid-19
🎬 Watch Now: Feature Video
ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਿਸ ਨੂੰ ਲੈ ਕੇ ਲਾਏ ਗਏ ਕਰਫਿਊ ਦੌਰਾਨ ਸ੍ਰੀ ਫਤਿਹਗੜ੍ਹ ਪ੍ਰਸ਼ਾਸਨ ਵੱਲੋਂ ਲੋਕਾਂ ਲਈ ਕੁਝ ਸਹੂਲਤਾਂ ਦੀ ਸਮਾਂ ਸਾਰਨੀ ਜਾਰੀ ਕੀਤੀ ਗਈ ਹੈ। ਇਸ ਤਹਿਤ ਲੋੜੀਂਦੀਆਂ ਸਹੂਲਤਾਂ ਦੌਰਾਨ ਦੁੱਧ ਦੀ ਸਪਲਾਈ ਸਬਜ਼ੀਆਂ ਤੇ ਕਰਿਆਨੇ ਦੀ ਸਪਲਾਈ ਦੇ ਨਾਲ-ਨਾਲ ਦਵਾਈਆਂ ਵੀ ਲੋਕਾਂ ਨੂੰ ਘਰ-ਘਰ ਮੁਹੱਈਆ ਕਰਵਾਈਆਂ ਜਾਣਗੀਆਂ, ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆ ਸਕੇ। ਹਦਾਇਤਾਂ ਕੋਵਿਡ-19 ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਸੀ.ਆਰ.ਪੀ.ਸੀ. ਦੀ ਧਾਰਾ 144 ਅਧੀਨ ਹੁਕਮ ਜਾਰੀ ਕੀਤੇ ਹਨ ਕਿ ਕੋਵਿਡ-19 ਦੀ ਰੋਕਥਾਮ ਲਈ ਲਾਏ ਗਏ ਕਰਫਿਊ ਦੌਰਾਨ ਆਮ ਲੋਕਾਂ ਤੱਕ ਜ਼ਰੂਰਤ ਦਾ ਸਮਾਨ ਪਹੁੰਚਾਣ ਲਈ ਦੋਧੀਆਂ ਤੇ ਡੇਅਰੀ ਮਾਲਕਾਂ ਨੂੰ ਦੁੱਧ ਦੀ ਪੈਦਾਵਾਰ ਕਰਕੇ ਸਵੇਰੇ 7:00 ਵਜੇ ਤੋਂ ਸਵੇਰੇ 9:00 ਵਜੇ ਤੱਕ ਘਰ-ਘਰ ਦੁੱਧ ਪਹੁੰਚਾਉਣ ਦੀ ਆਗਿਆ ਹੋਵੇਗੀ। ਇਸ ਦੇ ਨਾਲ ਹੀ ਸ਼ਾਮ 04 ਵਜੇ ਤੋਂ 06 ਵਜੇ ਤੱਕ ਸਬਜ਼ੀਆਂ ਤੇ ਕਰਿਆਨੇ ਦੀ ਸਪਲਾਈ ਘਰ-ਘਰ ਕੀਤੀ ਜਾਵੇਗੀ। ਸਬਜ਼ੀਆਂ ਵੇਚਣ ਅਤੇ ਕਰਿਆਨੇ ਦੇ ਸਾਮਾਨ ਪੁੱਜਦਾ ਕਰਨ ਲਈ ਰੇਹੜੀਆਂ ਅਤੇ ਦੁਕਾਨਾਂ ਇਸ ਸ਼ਰਤ ’ਤੇ ਚੱਲਣਗੀਆਂ ਕਿ ਉਨ੍ਹਾਂ ਵੱਲੋਂ ਸਮਾਨ ਕਾਊਂਟਰਾਂ ’ਤੇ ਵੇਚਣ ਦੀ ਥਾਂ ਘਰ-ਘਰ ਪੁੱਜਦਾ ਕੀਤਾ ਜਾਵੇਗਾ। ਪ੍ਰਸ਼ਾਸ਼ਨਿਕ ਅਧਿਕਾਰੀ ਇਹ ਗੱਲ ਵੀ ਯਕੀਨੀ ਬਣਾਉਣਗੇ ਕਿ ਇਸ ਦੌਰਾਨ ਕਿਸੇ ਵੀ ਸਮਾਨ ਦੀ ਕੀਮਤ ਵਧਾ ਚੜ੍ਹਾ ਕੇ ਨਾ ਲਗਾਈ ਜਾਵੇ ਅਤੇ ਨਾ ਹੀ ਕਾਲਾ ਬਜ਼ਾਰੀ ਹੋਵੇ। ਗਾਹਕਾਂ ਦੀ ਬੇਨਤੀ ’ਤੇ ਗੈਸ ਏਜੰਸੀਆਂ ਵੱਲੋਂ ਗੈਸ ਸਲੈਂਡਰ ਘਰ-ਘਰ ਪੁੱਜਦੇ ਕੀਤੇ ਜਾਣਗੇ ਅਤੇ ਇਸ ਲਈ ਸਮਾਂ ਦੁਪਹਿਰ 1:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਹੋਵੇਗਾ। ਪੈਟਰੋਲ ਪੰਪ ਸਵੇਰੇ 8:00 ਵਜੇ ਤੋਂ ਪੂਰਵ ਦੁਪਹਿਰ 11:00 ਵਜੇ ਤੱਕ ਖੁਲ੍ਹੇ ਰਹਿਣਗੇ ਅਤੇ ਇਸ ਸਬੰਧੀ ਪੰਪ ਪ੍ਰਬੰਧਕਾਂ ਵੱਲੋਂ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਕੀਤਾ ਪਾਸ ਜਾਂ ਜਿ਼ਲ੍ਹਾ ਮੈਜਿਸਟਰੇਟ/ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਅਧਿਕਾਰਤ ਕੀਤੇ ਅਧਿਕਾਰੀ ਕੋਲੋਂ ਪਾਸ ਲੈਣਾ ਲਾਜ਼ਮੀ ਹੋਵੇਗਾ।