ਬੀਬੀ ਜਗੀਰ ਕੌਰ ਨੇ ਫੌਜ ਭਰਤੀ ਦੌਰਾਨ ਅੰਮ੍ਰਿਤਧਾਰੀ ਨੌਜਵਾਨਾਂ ਦੇ ਕਕਾਰ ਉਤਾਰਨ ਦੀ ਕੀਤੀ ਨਿੰਦਾ - ਭਾਰਤ ਬਹੁ-ਧਰਮੀ ਦੇਸ਼
🎬 Watch Now: Feature Video
ਅੰਮ੍ਰਿਤਸਰ: ਫਿਰੋਜ਼ਪੁਰ 'ਚ ਫੌਜ ਦੀ ਭਰਤੀ ਦੌਰਾਨ ਆਰਮੀ ਅਫ਼ਸਰਾਂ ਨੇ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਨੂੰ ਕਕਾਰ ਉਤਾਰਨ ਲਈ ਮਜ਼ਬੂਰ ਕਰਨਾ ਘਿਨਾਉਣੀ ਹਰਕਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਬਹੁ-ਧਰਮੀ ਦੇਸ਼ ਹੈ, ਜਿਸ ਦਾ ਸੰਵਿਧਾਨ ਹਰੇਕ ਨੂੰ ਆਪਣੇ ਧਰਮ ਅਨੁਸਾਰ ਰਹਿਣ ਦੀ ਇਜਾਜ਼ਤ ਦਿੰਦਾ ਹੈ। ਅਜਿਹੇ ਵਿੱਚ ਭਰਤੀ ਸਮੇਂ ਨੌਜਵਾਨਾਂ ਨੂੰ ਕਕਾਰ ਉਤਾਰਨ ਲਈ ਮਜ਼ਬੂਰ ਕਰਨ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜਦੋਂ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਜਿਨ੍ਹਾਂ ਨੇ ਧਰਮਾਂ ਦੀ ਅਜ਼ਾਦੀ ਲਈ ਆਪਣੀ ਸ਼ਹਾਦਤ ਦਿੱਤੀ, ਉਸ ਸਮੇਂ ਭਰਤੀ ਦੌਰਾਨ ਫ਼ੌਜੀ ਅਫ਼ਸਰਾਂ ਵੱਲੋਂ ਸਿੱਖ ਨੌਜਵਾਨਾਂ ਦੇ ਕਕਾਰ ਉਤਾਰਨ ਅਤੇ ਜਿਨ੍ਹਾਂ ਨੌਜਵਾਨਾਂ ਨੇ ਕਕਾਰ ਉਤਾਰਨ ਤੋਂ ਮਨ੍ਹਾਂ ਕੀਤਾ ਉਨ੍ਹਾਂ ਨੂੰ ਭਰਤੀ ਤੋਂ ਬਾਹਰ ਕਰਨ ਨਾਲ ਪੂਰੀ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਨੇ ਮੰਗ ਕਰਦਿਆਂ ਕਿਹਾ ਕਿ ਅੱਗੇ ਤੋਂ ਫ਼ੌਜੀ ਅਫ਼ਸਰਾਂ ਨੂੰ ਹਦਾਇਤ ਕੀਤੀ ਜਾਵੇ ਕਿ ਅਜਿਹੀਆਂ ਘਟਨਾਵਾਂ ਨਾ ਵਾਪਰਨ, ਜਿਨ੍ਹਾਂ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੇ।