550ਵਾਂ ਪ੍ਰਕਾਸ਼ ਪੁਰਬ: ਐਸਜੀਪੀਸੀ ਵਲੋਂ ਕੀਤੀਆਂ ਜਾਂਦੀਆਂ ਤਿਆਰੀਆਂ 'ਚ ਰੋੜਾ ਬਣ ਰਹੀ ਸਰਕਾਰ
🎬 Watch Now: Feature Video
ਜਲੰਧਰ: ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ 12 ਨਵੰਬਰ ਨੂੰ ਸੁਲਤਾਨਪੁਰ ਲੋਧੀ 'ਚ ਮਨਾਇਆ ਜਾਵੇਗਾ। ਇਸ ਮੌਕੇ ਵੱਖ-ਵੱਖ ਧਾਰਮਿਕ ਸਮਾਗਮਾਂ ਲਈ ਤਿਆਰੀਆਂ ਮੁੰਕਮਲ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਆਦੇਸ਼ਾਂ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੱਖ ਤਿਆਰੀਆਂ ਵਿੱਚ ਜੁੱਟੀ ਹੋਈ ਹੈ। ਐਸਜੀਪੀਸੀ ਵੱਲੋਂ ਸੂਬਾ ਸਰਕਾਰ ਉੱਤੇ ਉਨ੍ਹਾਂ ਦੀਆਂ ਤਿਆਰੀਆਂ ਵਿੱਚ ਜਾਣਬੁਝ ਕੇ ਅੜੀਕਾ ਪਾਏ ਜਾਣ ਦੇ ਦੋਸ਼ ਲਗਾਏ ਗਏ ਹਨ। ਇਸ ਬਾਰੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਅਤੇ ਧਾਰਮਿਕ ਸਮਾਗਮਾਂ ਦੀ ਦੇਖਰੇਖ ਕਰ ਰਹੀ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਆਲੇ-ਦੁਆਲੇ ਆਪਣੇ ਬੋਰਡ ਲਗਾ ਕੇ, ਇੱਥੇ ਪਹੁੰਚਣ ਵਾਲੀਆਂ ਸੰਗਤਾਂ ਨੂੰ ਦੁਵਿਧਾ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਕੰਪਲੈਕਸ ਨੇੜੇ ਵੱਡੇ ਅਕਾਰ ਦੇ ਸਾਈਨ ਬੋਰਡ ਲੱਗੇ ਹੋਏ ਨਜ਼ਰ ਆ ਰਹੇ ਹਨ। ਐਸਜੀਪੀਸੀ ਮੁਤਾਬਕ ਇਹ ਮਾਰਗ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਪੰਡਾਲ ਵੱਲ ਨੂੰ ਜਾਂਦਾ ਹੈ ਜਦਕਿ ਉਨ੍ਹਾਂ ਦਾ ਪੰਡਾਲ ਦੂਜੇ ਪਾਸੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸੂਬਾ ਸਰਕਾਰ ਦੇ ਇਸ ਕਦਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ਾਂ ਦੀ ਨਿਖੇਧੀ ਦੱਸਿਆ ਹੈ।