ਗੁਰਜੀਤ ਔਜਲਾ ਨੇ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਡਾਕਟਰਾਂ ਨੂੰ ਪੀਪੀਈ ਕਿੱਟਾਂ ਵੰਡੀਆਂ
ਅੰਮ੍ਰਿਤਸਰ: ਸਾਂਸਦ ਗੁਰਜੀਤ ਸਿੰਘ ਔਜਲਾ ਨੇ ਇੱਕ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਡਾਕਟਰਾਂ ਨੂੰ ਪੀਪੀਈ ਕਿੱਟਾਂ ਵੰਡੀਆਂ। ਇਸ ਮੌਕੇ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਕਿੱਟਾਂ ਏਅਰਪੋਰਟ ਦੇ ਉਨ੍ਹਾਂ ਮੁਲਾਜ਼ਮਾਂ ਲਈ ਦਿੱਤੀਆਂ ਹਨ ਜਿਹੜੇ ਉਥੋਂ ਖ਼ਰਾਬ ਹਾਲਤ 'ਚ ਮਰੀਜਾਂ ਨੂੰ ਹਸਪਤਾਲ ਲੈ ਕੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪੀਪੀਈ ਕਿੱਟਾਂ ਤੋਂ ਇਲਾਵਾ ਐਨ 95 ਮਾਸਕ ਤੇ ਥਰਮਾਮੀਟਰ ਦਿੱਤੇ ਗਏ ਹਨ। ਇਹ ਸਾਰਾ ਸਾਮਾਨ ਇੱਕ ਸਮਾਜ ਸੇਵੀ ਸੰਸਥਾ ਵਲੋਂ ਦਿੱਤੇ ਗਏ ਹਨ, ਜੋ ਬੜੀ ਖੁਸ਼ੀ ਦੀ ਗੱਲ ਹੈ, ਕਿਉਂਕਿ ਇਸ ਮੁਸ਼ਕਿਲ ਘੜੀ ਵਿੱਚ ਸਭ ਨੂੰ ਅੱਗੇ ਆਉਣ ਦੀ ਜ਼ਰੂਰਤ ਹੈ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਫੰਡ ਨਹੀ ਵਰਤੇਗੀ ਤਾਂ ਉਹ ਸਾਹਮਣੇ ਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੂੰ ਤੱਥਾਂ ਦੇ ਅਧਾਰ 'ਤੇ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੂੰ ਚਾਹੀਦਾ ਹੈ ਕਿ ਪੰਜਾਬ ਲਈ ਅਲੱਗ ਪੈਕੇਜ ਦੀ ਮੰਗ ਕੀਤੀ ਜਾਵੇ ਤਾਂ ਕਿ ਪੰਜਾਬ ਨੂੰ ਆਰਥਿਕ ਮੰਦੀ ਤੋਂ ਬਾਹਰ ਕੱਢਿਆ ਜਾ ਸਕੇ।