ਹੈਦਰਾਬਾਦ: ਹਰ ਸਾਲ 4 ਜਨਵਰੀ ਨੂੰ ਦੁਨੀਆ ਭਰ 'ਚ ਵਿਸ਼ਵ ਬਰੇਲ ਦਿਵਸ ਮਨਾਇਆ ਜਾਂਦਾ ਹੈ। ਅੰਨ੍ਹੇ ਲੋਕਾਂ ਲਈ ਇਹ ਦਿਨ ਬਹੁਤ ਖਾਸ ਹੁੰਦਾ ਹੈ, ਕਿਉਕਿ ਅੱਜ ਹੀ ਦੇ ਦਿਨ ਅੰਨ੍ਹੇ ਲੋਕਾਂ ਦੀ ਜ਼ਿੰਦਗੀ 'ਚ ਰੋਸ਼ਨੀ ਭਰਨ ਵਾਲੇ ਲੁਈਸ ਬਰੇਲ ਦਾ ਜਨਮ ਹੋਇਆ ਸੀ। ਲੁਈਸ ਬਰੇਲ ਨੇ ਹੀ ਬਰੇਲ ਲਿਪੀ ਨੂੰ ਜਨਮ ਦਿੱਤਾ ਸੀ, ਜਿਸਦੇ ਚਲਦਿਆਂ ਅੱਜ ਅੰਨ੍ਹੇ ਲੋਕ ਵੀ ਪੜ੍ਹ-ਲਿਖ ਰਹੇ ਹਨ ਅਤੇ ਤਰੱਕੀ ਕਰ ਰਹੇ ਹਨ।
ਵਿਸ਼ਵ ਬਰੇਲ ਦਿਵਸ ਦਾ ਇਤਿਹਾਸ: ਸੰਯੁਕਤ ਰਾਸ਼ਟਰ ਮਹਾ ਸਭਾ ਦੁਆਰਾ 6 ਨਵੰਬਰ 2018 ਨੂੰ ਇੱਕ ਪ੍ਰਸਤਾਵ ਪਾਸ ਕੀਤਾ ਗਿਆ ਸੀ, ਜਿਸ 'ਚ ਹਰ ਸਾਲ 4 ਜਨਵਰੀ ਨੂੰ ਬਰੇਲ ਲਿਪੀ ਦੇ ਪਿਤਾ ਲੁਈਸ ਬਰੇਲ ਦੇ ਜਨਮਦਿਨ ਵਾਲੇ ਦਿਨ ਵਿਸ਼ਵ ਬਰੇਲ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ 4 ਜਨਵਰੀ 2019 ਨੂੰ ਪਹਿਲੀ ਵਾਰ ਵਿਸ਼ਵ ਬਰੇਲ ਦਿਵਸ ਮਨਾਇਆ ਗਿਆ ਸੀ। ਅੰਨ੍ਹੇ ਲੋਕਾਂ ਲਈ ਬਰੇਲ ਲਿਪੀ ਬਹੁਤ ਮਦਦਗਾਰ ਹੁੰਦੀ ਹੈ।
ਕੌਣ ਸੀ ਲੁਈਸ ਬਰੇਲ?: ਬਰੇਲ ਲਿਪੀ ਦੇ ਪਿਤਾ ਲੁਈਸ ਬਰੇਲ 4 ਜਨਵਰੀ 1809 ਨੂੰ ਫਰਾਂਸ ਦੇ kouprey 'ਚ ਪੈਦਾ ਹੋਏ ਸੀ। ਬਚਪਨ 'ਚ ਹੋਏ ਇੱਕ ਹਾਦਸੇ ਦੇ ਚਲਦਿਆਂ ਲੁਈਸ ਬਰੇਲ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ। ਦਰਅਸਲ, ਉਨ੍ਹਾਂ ਦੀ ਇੱਕ ਅੱਖ 'ਚ ਚਾਕੂ ਲੱਗ ਗਿਆ ਸੀ। ਸਹੀ ਸਮੇਂ 'ਤੇ ਇਲਾਜ਼ ਨਾ ਹੋਣ ਕਰਕੇ ਹੌਲੀ-ਹੌਲੀ ਉਨ੍ਹਾਂ ਦੀ ਅੱਖ ਪੂਰੀ ਤਰ੍ਹਾਂ ਖਰਾਬ ਹੋ ਗਈ, ਜਿਸ ਤੋਂ ਬਾਅਦ ਲੁਈਸ ਬਰੇਲ ਨੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ, ਪਰ ਕਦੇ ਹਾਰ ਨਹੀਂ ਮੰਨੀ ਅਤੇ ਆਪਣੇ ਵਰਗੇ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਸਮਝਦੇ ਹੋਏ ਸਿਰਫ਼ 15 ਸਾਲ ਦੀ ਉਮਰ 'ਚ ਬਰੇਲ ਲਿਪੀ ਦੀ ਖੋਜ ਕੀਤੀ ਸੀ, ਜੋ ਅੰਨ੍ਹੇ ਲੋਕਾਂ ਲਈ ਮਦਦਗਾਰ ਹੈ।
ਕੀ ਹੈ ਬਰੇਲ ਲਿਪੀ?: ਬਰੇਲ ਲਿਪੀ ਇੱਕ ਅਜਿਹੀ ਲਿਪੀ ਹੈ, ਜਿਸਦਾ ਇਸਤੇਮਾਲ ਅੰਨ੍ਹੇ ਲੋਕਾਂ ਨੂੰ ਪੜ੍ਹਾਉਣ ਲਈ ਕੀਤਾ ਜਾਂਦਾ ਹੈ। ਇਸ ਲਿਪੀ 'ਚ ਅੰਨ੍ਹੇ ਲੋਕ ਕਿਸੇ ਚੀਜ਼ ਨੂੰ ਛੂਹ ਕੇ ਪੜ੍ਹਦੇ-ਲਿਖਦੇ ਹਨ। ਇਸ ਲਿਪੀ 'ਚ ਕਾਗਜ਼ 'ਤੇ ਲਿਖੇ ਹੋਏ ਬਿੰਦੂਆਂ ਨੂੰ ਹੱਥ ਲਗਵਾ ਕੇ ਅੰਨ੍ਹੇ ਲੋਕਾਂ ਨੂੰ ਸਿਖਾਇਆ ਜਾਂਦਾ ਹੈ। ਪੜ੍ਹਨ ਤੋਂ ਇਲਾਵਾ, ਇਸ ਲਿਪੀ ਦੇ ਰਾਹੀ ਬੁੱਕ ਵੀ ਲਿਖੀ ਜਾ ਸਕਦੀ ਹੈ। ਜਿਸ ਤਰ੍ਹਾਂ ਟਾਈਪਰਾਈਟਰ ਰਾਹੀ ਕਿਤਾਬਾਂ ਲਿਖੀਆਂ ਜਾਂਦੀਆਂ ਹਨ, ਠੀਕ ਉਸੇ ਤਰ੍ਹਾਂ ਬਰੇਲ ਲਿਪੀ 'ਚ ਲਿਖਣ ਲਈ ਬਰੇਲਰਾਈਟਰ ਦਾ ਇਸਤੇਮਾਲ ਕੀਤਾ ਜਾਂਦਾ ਹੈ।