ਐਪਲ ਸਾਈਡਰ ਵਿਨੇਗਰ, ਜੋ ਕਿ ਸੇਬ ਦੇ ਜੂਸ ਨੂੰ ਫਰਮੈਂਟ ਕਰਕੇ ਬਣਾਇਆ ਜਾਂਦਾ ਹੈ, ਸਿਹਤ ਅਤੇ ਸੁੰਦਰਤਾ ਦੇ ਲਾਭਦਾਇਕ ਗੁਣਾਂ ਦੇ ਮਾਮਲੇ ਵਿੱਚ ਨਾਂ ਮਹਿਜ਼ ਦੇਸ਼ ,ਬਲਕਿ ਵਿਦੇਸ਼ਾਂ ਵਿੱਚ ਲੋਕਾਂ ਦੀ ਪਸੰਦ ਬਣ ਰਿਹਾ ਹੈ। ਲੋਕ ਨਾਂ ਮਹਿਜ਼ ਇਸ ਨੂੰ ਭੋਜਨ ਬਣਾਉਣ ਲਈ ਵਰਤਦੇ ਹਨ ਬਲਕਿ ਇਸ ਨੂੰ ਦਵਾਈ ਜਾਂ ਸਕਿਨ ਕੇਅਰ ਵਜੋਂ ਵੀ ਇਸਤੇਮਾਲ ਕਰਦੇ ਹਨ। ਪੌਸ਼ਟਿਕ ਤੱਤਾਂ ਨਾਲ ਭਰਪੂਰ ਐਪਲ ਸਾਈਡਰ ਵਿਨੇਗਰ, ਸਿਹਤ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦਾ ਹੈ।
ਉਤਰਾਖੰਡ ਤੋਂ ਪੋਸ਼ਣ ਮਾਹਰ ਅਤੇ ਫਿਟਨੈਸ ਅਕਸਪਰਟ ਡਾਕਟਰ ਮਿਤਾਲੀ ਚੰਦ ਸਾਹੂ ਦਾ ਕਹਿਣਾ ਹੈ ਕਿ ਐਪਲ ਸਾਈਡਰ ਵਿਨੇਗਰ ਨਾ ਸਿਰਫ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ, ਬਲਕਿ ਜੇਕਰ ਨਿਰਦੇਸ਼ਾਂ ਮੁਤਾਬਕ ਇਸ ਦਾ ਸੇਵਨ ਕੀਤਾ ਜਾਵੇ ਤਾਂ ਇਹ ਸ਼ੂਗਰ, ਦਿਲ ਦੀਆਂ ਸਮੱਸਿਆਵਾਂ ਅਤੇ ਉੱਚ ਕੋਲੇਸਟ੍ਰੋਲ ਨੂੰ ਘਟਾਉਣ ਵਿੱਚ ਵੀ ਮਦਦਗਾਰ ਸਾਬਤ ਹੁੰਦਾ ਹੈ।
ਸਿਰਕੇ ਵਿੱਚ ਬਹੁਤ ਸਾਰੇ ਵਿਟਾਮਿਨ, ਐਨਜ਼ਾਈਮ, ਪ੍ਰੋਟੀਨ ਅਤੇ ਲਾਭਦਾਇਕ ਬੈਕਟੀਰੀਆ ਹੁੰਦੇ ਹਨ। ਇੰਨਾ ਹੀ ਨਹੀਂ, ਇਹ ਸਰੀਰ ਵਿੱਚ ਜ਼ਰੂਰੀ ਪੌਸ਼ਟਿਕ ਤੱਤਾਂ ਨੂੰ ਸੋਖਣ ਵਿੱਚ ਵੀ ਮਦਦ ਕਰਦਾ ਹੈ। ਇਸ ਵਿੱਚ ਐਂਟੀ-ਬੈਕਟੀਰੀਅਲ ਗੁਣ ਵੀ ਹੁੰਦੇ ਹਨ ਜੋ ਚਮੜੀ ਸਬੰਧੀ ਸਮੱਸਿਆਵਾਂ ਜਿਵੇਂ ਕਿ ਮੁਹਾਸੇ ਆਦਿ ਤੋਂ ਆਰਾਮ ਦਵਾਉਂਦਾ ਹੈ।
ਉਹ ਦੱਸਦੇ ਹਨ ਕਿ ਕਈ ਵਾਰ ਇਹ ਵੇਖਿਆ ਜਾਂਦਾ ਹੈ ਕਿ ਲੋਕ, ਖਾਸ ਕਰਕੇ ਔਰਤਾਂ, ਇਸ ਦੇ ਲਾਭਾਂ ਬਾਰੇ ਜਾਣਨ ਤੋਂ ਬਾਅਦ, ਇਸ ਬਾਰੇ ਬਹੁਤ ਕੁੱਝ ਜਾਣੇ ਬਗੈਰ ਜਿਵੇਂ ਕਿ ਕਿਸ ਮਾਤਰਾ ਵਿੱਚ ਅਤੇ ਕਿਵੇਂ ਇਸ ਦਾ ਸੇਵਨ ਕਰਨਾ ਚਾਹੀਦਾ ਹੈ, ਇਸ ਦੀ ਵਰਤੋਂ ਸ਼ੁਰੂ ਕਰ ਦਿੰਦੀਆਂ ਹਨ। ਜਿਸ ਕਾਰਨ ਲਾਭ ਘੱਟ ਅਤੇ ਨੁਕਸਾਨ ਵਧੇਰੇ ਹੁੰਦਾ ਹੈ।
ਕਿੰਝ ਕਰੀਏ ਐਪਲ ਸਾਈਡਰ ਵਿਨੇਗਰ ਦਾ ਇਸਤੇਮਾਲ
ਐਪਲ ਸਾਈਡਰ ਵਿਨੇਗਰ ਦਾ ਇਸਤੇਮਾਲ ਕਰਨ ਤੋਂ ਪਹਿਲਾਂ, ਇਸ ਦੀ ਸਹੀ ਵਰਤੋਂ ਬਾਰੇ ਜਾਣਨਾ ਬਹੁਤ ਮਹੱਤਵਪੂਰਨ ਹੈ। ਦਰਅਸਲ ਐਪਲ ਸਾਈਡਰ ਵਿਨੇਗਰ ਨੂੰ ਪੀਤਾ ਵੀ ਜਾਂਦਾ ਹੈ ਅਤੇ ਇਸ ਦੀ ਵਰਤੋਂ ਚਮੜੀ 'ਤੇ ਵੀ ਕੀਤੀ ਜਾਂਦੀ ਹੈ। ਕਿਸੇ ਵੀ ਹਾਲਤ 'ਚ ਇਸ ਦੀ ਵਰਤੋਂ ਲਈ, ਇਹ ਜ਼ਰੂਰੀ ਹੈ ਕਿ ਇਸ ਨੂੰ ਪਾਣੀ ਵਿੱਚ ਮਿਲਾ ਕੇ ਹੀ ਵਰਤਿਆ ਜਾਵੇ। ਕਿਉਂਕਿ ਇਸ ਵਿੱਚ ਐਸਿਡ ਦੀ ਮਾਤਰਾ ਬਹੁਤ ਜ਼ਿਆਦਾ ਹੈ ਅਤੇ ਜੋ ਮੂਲ ਰੂਪ ਵਿੱਚ ਵਰਤੇ ਜਾਣ ਤੇ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਜੇਕਰ ਤੁਸੀਂ ਪੀਣ ਲਈ ਐਪਲ ਸਾਈਡਰ ਵਿਨੇਗਰ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਇੱਕ ਗਲਾਸ ਪਾਣੀ ਵਿੱਚ ਇੱਕ ਤੋਂ ਦੋ ਚੱਮਚ ਐਪਲ ਸਾਈਡਰ ਵਿਨੇਗਰ ਨੂੰ ਮਿਲਾ ਕੇ ਖਾਣਾ ਖਾਣ ਦੇ ਇੱਕ ਘੰਟੇ ਬਾਅਦ ਜਾਂ ਭੋਜਨ ਤੋਂ ਅੱਧਾ ਘੰਟਾ ਪਹਿਲਾਂ ਪੀਣਾ ਚਾਹੀਦਾ ਹੈ। ਦੂਜੇ ਪਾਸੇ, ਚਮੜੀ ਜਾਂ ਵਾਲਾਂ 'ਤੇ ਲਗਾਉਣ ਲਈ, ਇਸ ਦੀ ਵਰਤੋਂ ਸਿਰਫ 1: 3 ਦੇ ਅਨੁਪਾਤ ਵਿੱਚ ਸਿਰਕੇ ਅਤੇ ਪਾਣੀ ਨੂੰ ਮਿਲਾ ਕੇ ਕੀਤੀ ਜਾਣੀ ਚਾਹੀਦੀ ਹੈ। ਧਿਆਨ ਦਵੋ ਕਿ ਸ਼ੁਰੂਆਤ ਵਿੱਚ ਇਸ ਨੂੰ ਬਹੁਤ ਘੱਟ ਮਾਤਰਾ ਵਿੱਚ ਵਰਤਿਆ ਜਾਣਾ ਚਾਹੀਦਾ ਹੈ (5-10 ਮਿਲੀਲੀਟਰ ਤੋਂ ਵੱਧ) ਇਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ।
ਐਪਲ ਸਾਈਡਰ ਵਿਨੇਗਰ ਦੇ ਇਸਤੇਮਾਲ ਲਈ ਧਿਆਨ ਦੇਣ ਵਾਲੀਆਂ ਖ਼ਾਸ ਗੱਲਾਂ
- ਐਪਲ ਸਾਈਡਰ ਵਿਨੇਗਰ ਨੂੰ ਹਮੇਸ਼ਾ ਪਾਣੀ ਨਾਲ ਮਿਲਾ ਕੇ ਹੀ ਪੀਣਾ ਚਾਹੀਦਾ ਹੈ। ਕਿਉਂਕਿ ਇਸ ਦਾ ਮੂਲ ਸੁਭਾਅ ਤੇਜ਼ਾਬ ਹੈ, ਇਸ ਲਈ ਸਿੱਧੇ ਤੌਰ 'ਤੇ ਲੈਣ ਨਾਲ ਇਹ ਸਰੀਰ ਖ਼ਾਸ ਕਰ ਅੰਤੜੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
- ਐਪਲ ਸਾਈਡਰ ਵਿਨੇਗਰ ਕਦੇ ਵੀ ਖਾਲੀ ਪੇਟ ਨਹੀਂ ਪੀਣਾ ਚਾਹੀਦਾ। ਖਾਲੀ ਪੇਟ ਇਸ ਦਾ ਸੇਵਨ ਕਰਨਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ।
- ਇਸ ਦਾ ਇਸਤੇਮਾਲ ਰਾਤ ਨੂੰ ਠੀਕ ਸੌਂਣ ਤੋਂ ਪਹਿਲਾਂ ਵੀ ਨਹੀਂ ਕਰਨਾ ਚਾਹੀਦਾ। ਸੌਂਣ ਤੋਂ ਪਹਿਲਾਂ ਇਸ ਦੀ ਵਰਤੋਂ ਨਾਲ ਢਿੱਡ ਵਿੱਚ ਜਲਨ ਆਦਿ ਦੀ ਸਮੱਸਿਆ ਹੋ ਸਕਦੀ ਹੈ। ਬੇਹਤਰ ਹੈ ਕਿ ਜੇਕਰ ਤੁਸੀਂ ਰਾਤ ਦੇ ਸਮੇਂ ਵਿੱਚ ਇਸ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਸੌਂਣ ਤੋਂ ਇੱਕ ਘੰਟੇ ਪਹਿਲਾਂ ਇਸ ਦੀ ਵਰਤੋ ਕਰੋ।
- ਰੋਜ਼ਾਨਾ ਜ਼ਿਆਦਾ ਮਾਤਰਾ 'ਚ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ। ਕਿਉਂਕ ਅਜਿਹਾ ਕਰਨ ਨਾਲ ਢਿੱਡ ਵਿੱਚ ਜਲਨ ਤੇ ਪਾਚਨ ਸਬੰਧੀ ਪਰੇਸ਼ਾਨੀਆਂ ਹੋ ਸਕਦੀਆਂ ਹਨ।
- ਇਸਤੇਮਾਲ ਤੋਂ ਪਹਿਲਾਂ ਐਪਲ ਸਾਈਡਰ ਵਿਨੇਗਰ ਨੂੰ ਸੁੰਘਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਸ ਦੇ ਤੇਜ਼ ਖੁਸ਼ਬੋ ਫੇਫੜਿਆਂ ਤੱਕ ਪੁੱਜ ਕੇ ਜਲਨ ਪੈਦਾ ਕਰ ਸਕਦੀ ਹੈ।
- ਐਪਲ ਸਾਈਡਰ ਵਿਨੇਗਰ ਨੂੰ ਕਦੇ ਵੀ ਸਿੱਧੇ ਤੌਰ 'ਤੇ ਚਮੜੀ ਉੱਤੇ ਨਾ ਲਾਓ। ਅਜਿਹਾ ਕਰਨ ਨਾਲ ਚਮੜੀ 'ਤੇ ਜਲਨ, ਰੈਡਨੈਸ ਤੇ ਖਾਰਸ਼ ਆਦਿ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਇਸ ਦਾ ਇਸਤੇਮਾਲ ਪਾਣੀ ਵਿੱਚ ਮਿਲਾ ਕੇ ਕਰਨਾ ਚਾਹੀਦਾ ਹੈ।