ਗੁਰਦਾਸਪੁਰ : ਅਮਰੀਕੀ ਸਰਕਾਰ ਵੱਲੋਂ ਡਿਪੋਰਟ ਕੀਤੇ ਭਾਰਤੀਆਂ ਦਾ ਤੀਜਾ ਜਹਾਜ਼ ਬੀਤੀ ਰਾਤ (ਐਤਵਾਰ) ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ। ਜਿਸ ਵਿੱਚ 112 ਭਾਰਤੀਆਂ ਨੂੰ ਡਿਪੋਰਟ ਕਰ ਕੇ ਵਾਪਸ ਭਾਰਤ ਭੇਜਿਆ ਗਿਆ। ਜਿਨ੍ਹਾਂ ਵਿੱਚੋਂ 31 ਭਾਰਤੀ ਪੰਜਾਬ ਦੇ ਹਨ। ਡਿਪੋਰਟ ਇਨ੍ਹਾਂ ਭਾਰਤੀਆਂ ਵਿੱਚ ਗੁਰਦਾਸਪੁਰ ਦੇ ਪਿੰਡ ਨੰਗਲ ਲਮੀਨੀ ਦੇ ਹਰਭਜਨ ਸਿੰਘ ਦਾ ਪੁੱਤਰ ਗੁਰਵਿੰਦਰ ਸਿੰਘ ਵੀ ਸ਼ਾਮਿਲ ਹੈ। ਜੋ ਅਮਰੀਕਾ ਜਾਣ ਲਈ 22 ਸਤੰਬਰ ਨੂੰ ਘਰੋਂ ਤੁਰਿਆ ਸੀ। ਏਜੰਟ ਨਾਲ ਉਸ ਦੀ 50 ਲੱਖ ਰੁਪਏ ਦੀ ਗੱਲ ਹੋਈ ਸੀ ਤੇ ਉਸ ਨੇ ਇਹ 50 ਲੱਖ ਰੁਪਏ 1.5 ਏਕੜ ਜ਼ਮੀਨ ਵੇਚਕੇ ਅਤੇ 10 ਲੱਖ ਰੁਪਏ ਦਾ ਕਰਜ਼ਾ ਲੈ ਕੇ ਇਕੱਠੇ ਕੀਤੇ ਸਨ।
ਗੁਰਵਿੰਦਰ ਸਿੰਘ ਨੇ ਦੱਸਿਆ ਕਿ "ਏਜੰਟ ਨੇ ਉਸ ਨੂੰ ਕਿਹਾ ਸੀ ਕਿ ਉਸਨੂੰ ਕਾਨੂੰਨੀ ਢੰਗ ਨਾਲ ਅਮਰੀਕਾ ਭੇਜਿਆ ਜਾਵੇਗਾ ਪਰ ਉਸਨੂੰ ਪਨਾਮਾ ਦੇ ਜੰਗਲਾਂ ਰਾਹੀਂ ਅਮਰੀਕਾ ਭੇਜਿਆ ਗਿਆ। ਉਹ ਗੁਆਨਾ, ਬ੍ਰਾਜ਼ੀਲ, ਕੋਲੰਬੀਆ ਅਤੇ ਪਨਾਮਾ ਦੇ ਜੰਗਲਾਂ ਰਾਹੀਂ ਸਰਹੱਦ ਪਾਰ ਕਰਕੇ ਅਮਰੀਕੀ ਵਿੱਚ ਦਾਖਲ ਹੋਇਆ, ਅਮਰੀਕਾ ਵਿੱਚ ਦਾਖਲ ਹੁੰਦੇ ਹੀ ਉਸਨੂੰ ਅਮਰੀਕੀ ਫੌਜ ਨੇ ਗ੍ਰਿਫ਼ਤਾਰ ਕਰ ਲਿਆ। 14 ਦਿਨ ਕੈਂਪ ਵਿੱਚ ਰੱਖਣ ਤੋਂ ਬਾਅਦ ਮੈਨੂੰ ਡਿਪੋਰਟ ਕਰ ਦਿੱਤਾ।"
ਜਦੋਂ ਅਸੀਂ ਪਨਾਮਾ ਦੇ ਜੰਗਲ ਪਾਰ ਕਰ ਰਹੇ ਸੀ ਤਾਂ ਉਸ ਸਮੇਂ ਇੱਕ ਸਮੂਹ ਵਿੱਚ ਲਗਭਗ 23 ਲੋਕ ਸੀ। ਅਸੀਂ ਸਾਰੇ 2 ਦਿਨ ਜੰਗਲ ਵਿੱਚ ਹੀ ਰਹੇ ਜਿੱਥੇ ਉਹ ਪਹਾੜ ਅਤੇ ਨਦੀਆਂ ਪਾਰ ਕਰਕੇ ਅਮਰੀਕੀ ਦੀ ਸਰਹੱਦ 'ਤੇ ਪਹੁੰਚੇ ਸੀ। ਅਸੀਂ ਇੱਕ ਛੋਟੀ ਕਿਸ਼ਤੀ ਵਿੱਚ ਨਦੀਆਂ ਪਾਰ ਕੀਤੀਆਂ, ਜਿਸ ਵਿੱਚ ਉਨ੍ਹਾਂ ਨੇ ਸੱਪ ਅਤੇ ਮਗਰਮੱਛ ਵੀ ਦੇਖੇ। ਅਸੀਂ ਆਪਣੀ ਜਾਨ ਖਤਰੇ ਵਿੱਚ ਪਾਕੇ ਇਹ ਜੰਗਲ ਪਾਰ ਕੀਤੇ, ਜਿਸ ਦੀ ਇੱਕ ਵੀਡੀਓ ਵੀ ਹੈ। ਸਾਨੂੰ ਖਾਣ ਲਈ ਸਿਰਫ਼ ਚਿਪਸ ਅਤੇ ਪੀਣ ਲਈ ਗੰਦਾ ਪਾਣੀ ਦਿੱਤਾ ਜਾਂਦਾ ਸੀ। - ਗੁਰਵਿੰਦਰ ਸਿੰਘ
ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਕੋਈ ਅਮਰੀਕਾ ਜਾਣਾ ਚਾਹੁੰਦਾ ਹੈ, ਤਾਂ ਉਸਨੂੰ ਕਦੇ ਵੀ ਪਨਾਮਾ ਦੇ ਜੰਗਲਾਂ ਵਿੱਚੋਂ ਨਹੀਂ ਜਾਣਾ ਚਾਹੀਦਾ। ਸਭ ਨੂੰ ਕਾਨੂੰਨੀ ਢੰਗ ਨਾਲ ਹੀ ਅਮਰੀਕਾ ਜਾਣਾ ਚਾਹੀਦੀ ਹੈ। ਜਦੋਂ ਅਸੀਂ ਅਮਰੀਕਾ ਦੇ ਫੌਜੀ ਕੈਂਪ ਵਿੱਚ ਸੀ ਤਾਂ ਸਾਡੇ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਸੀ। ਸੁੱਤੇ ਪਏ ਰਾਤ ਨੂੰ ਨਹਾਉਣ ਦੇ ਲਈ ਜਗਾ ਦਿੱਤਾ ਜਾਂਦਾ ਸੀ, ਬਿਨ੍ਹਾਂ ਕੱਪੜਿਆਂ ਦੇ ਏਸੀ ਵਾਲੇ ਕਮਰਿਆਂ ਵਿੱਚ ਰੱਖਿਆ ਜਾਂਦਾ ਸੀ।
ਇਸ ਤੋਂ ਅੱਗੇ ਉਸਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ ਤਾਂ ਉਨ੍ਹਾਂ ਦੇ ਹੱਥਾਂ ਪੈਰਾਂ ਵਿੱਚ ਪਾਈਆਂ ਹੱਥਕੜੀਆਂ ਅੱਧਾ ਘੰਟਾ ਪਹਿਲਾਂ ਖੋਲ੍ਹ ਦਿੱਤੀਆਂ ਗਈਆਂ ਸਨ। ਉਸਨੇ ਦੱਸਿਆ ਕਿ ਜਦੋਂ ਉਹ ਜਹਾਜ਼ ਤੋਂ ਹੇਠਾਂ ਉਤਰੇ ਤਾਂ ਸਿੱਖ ਨੌਜਵਾਨਾਂ ਦੇ ਸਿਰਾਂ 'ਤੇ ਪੱਗਾਂ ਨਹੀਂ ਸਨ।
ਅਮਰੀਕਾ ਤੋਂ ਡਿਪੋਰਟ ਕੀਤੇ ਗਏ ਗੁਰਵਿੰਦਰ ਸਿੰਘ ਦੇ ਪਿਤਾ ਹਰਭਜਨ ਸਿੰਘ ਨੇ ਦੱਸਿਆ ਕਿ "ਉਨ੍ਹਾਂ ਆਪਣੇ ਪੁੱਤਰ ਨੂੰ ਅਮਰੀਕਾ ਭੇਜਣ ਲਈ 50 ਲੱਖ ਰੁਪਏ ਖਰਚ ਕੀਤੇ ਸਨ ਤਾਂ ਜੋ ਉਸਦਾ ਭਵਿੱਖ ਵਧੀਆ ਹੋ ਸਕੇ। ਇਸ ਲਈ ਉਨ੍ਹਾਂ ਨੇ ਆਪਣੀ 1.5 ਏਕੜ ਜ਼ਮੀਨ ਵੇਚ ਦਿੱਤੀ ਸੀ ਅਤੇ 10 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਪਰ ਏਜੰਟ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਪੁੱਤਰ ਪਨਾਮਾ ਦੇ ਜੰਗਲਾਂ ਰਾਹੀਂ ਅਮਰੀਕਾ ਜਾ ਰਿਹਾ ਹੈ, ਤਾਂ ਉਨ੍ਹਾਂ ਨੇ ਇਸ ਬਾਰੇ ਏਜੰਟ ਨਾਲ ਗੱਲ ਕੀਤੀ, ਪਰ ਉਸਨੇ ਕਿਹਾ ਸੀ ਕਿ 20 ਦਿਨ੍ਹਾਂ ਵਿੱਚ ਉਨ੍ਹਾਂ ਦਾ ਪੁੱਤਰ ਅਮਰੀਕਾ ਪਹੁੰਚ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਏਜੰਟ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਅਤੇ ਉਸਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।"

- "ਦਾੜੀ ਕੀਤੀ ਕਤਲ, ਦੁਮਾਲਿਆਂ ਦੀ ਬੇਅਦਬੀ..." ਡਿਪੋਰਟ ਹੋਏ ਨੌਜਵਾਨ ਤੋਂ ਸੁਣੋ ਹਾਲ-ਏ-ਡੰਕੀ ਰੂਟ, ਦੇਖੋ ਖੌਫਨਾਕ ਤਸਵੀਰਾਂ
- ਲੁਧਿਆਣਾ ਪੁਲਿਸ ਨੇ ਸੁਲਝਾਈ ਕਤਲ ਦੀ ਗੁੱਥੀ, ਮਾਸਟਰਮਾਈਂਡ ਪਤੀ ਨੇ ਰਚਿਆ ਸੀ ਲੁੱਟ ਦਾ ਡਰਾਮਾ, ਪੁਲਿਸ ਨੇ ਪ੍ਰੇਮਿਕਾ ਸਣੇ ਕੀਤਾ ਕਾਬੂ
- ਅਮਰੀਕਾ ਤੋਂ ਡਿਪੋਰਟ ਹੋਇਆ ਲੁਧਿਆਣਾ ਦਾ ਨੌਜਵਾਨ ਗ੍ਰਿਫ਼ਤਾਰ, ਪੁਲਿਸ ਮੁਲਾਜ਼ਮ ਦਾ ਹੈ ਪੁੱਤਰ, ਜਾਣੋ ਪੂਰਾ ਮਾਮਲਾ