ਚੰਡੀਗੜ੍ਹ: ਦਿੱਲੀ ਚੋਣਾਂ 'ਚ ਹੋਈ ਹਾਰ ਤੋਂ ਬਾਅਦ ਪੰਜਾਬ ਸਰਕਾਰ ਲਗਾਤਾਰ ਭ੍ਰਿਸ਼ਟਾਚਾਰ 'ਤੇ ਸਖ਼ਤ ਨਜ਼ਰ ਆ ਰਹੀ ਹੈ। ਇਸ ਤਹਿਤ ਅੱਜ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਅੱਜ ਯਾਨੀ ਕਿ 17 ਫਰਵਰੀ ਨੂੰ ਵਿਜੀਲੈਂਸ ਮੁਖੀ ਵਿਸ਼ੇਸ਼ ਡੀਜੀਪੀ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਨਾਲ ਹੀ, ਉਨ੍ਹਾਂ ਦੀ ਥਾਂ 'ਤੇ, ਏਡੀਜੀਪੀ ਜੀ ਨਾਗੇਸ਼ਵਰ ਰਾਓ ਨੂੰ ਵਿਜੀਲੈਂਸ ਮੁਖੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇੱਕ ਹੋਰ ਵੱਡੇ ਐਕਸ਼ਨ 'ਚ ਪੰਜਾਬ ਸਰਕਾਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸਰਕਾਰ ਨੇ ਇਹ ਕਾਰਵਾਈ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਕੀਤੀ ਹੈ। ਜ਼ਿਕਰਯੋਗ ਹੈ ਕਿ ਡੀਸੀ ਰਾਜੇਸ਼ ਤ੍ਰਿਪਾਠੀ ਵਿਰੁੱਧ ਕਾਰਵਾਈ ਦੀ ਖ਼ਬਰ ਤੋਂ ਬਾਅਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸੰਨਾਟਾ ਛਾ ਗਿਆ। ਡੀਸੀ ਦਫ਼ਤਰ ਹੁਣ ਪੂਰੀ ਤਰ੍ਹਾਂ ਸੁੰਨਸਾਨ ਦਿਖਾਈ ਦੇ ਰਿਹਾ ਹੈ। ਧਿਆਨ ਦੇਣ ਯੋਗ ਹੈ ਕਿ 2016 ਬੈਚ ਦੇ ਆਈਏਐਸ ਰਾਜੇਸ਼ ਤ੍ਰਿਪਾਠੀ ਨੇ 16 ਅਗਸਤ 2024 ਨੂੰ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਸੀ ਅਤੇ ਅੱਜ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ।
![Punjab government sacks Vigilance chief and Sri Muktsar Sahib DC after corruption complaint](https://etvbharatimages.akamaized.net/etvbharat/prod-images/17-02-2025/pbmksssonu10023_17022025165320_1702f_1739791400_186.jpg)
ਸਰਕਾਰ ਨੇ ਪਹਿਲਾਂ ਹੀ ਦਿੱਤੀ ਸੀ ਚਿਤਾਵਨੀ
2 ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਸਾਰੇ ਵਿਭਾਗਾਂ ਦੇ ਮੁਖੀਆਂ, ਡੀਸੀ, ਐੱਸਐੱਸਪੀ ਨੂੰ ਹੁਕਮ ਜਾਰੀ ਕੀਤਾ ਸੀ ਕਿ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਵਿਜੀਲੈਂਸ ਮੁਖੀ ਨੂੰ ਹਟਾਉਣਾ ਇੱਕ ਵੱਡੀ ਕਾਰਵਾਈ ਹੈ। ਇਸ ਦੇ ਨਾਲ ਹੀ, ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਹੋਰ ਸਖ਼ਤ ਕਾਰਵਾਈਆਂ ਕਰ ਸਕਦੀ ਹੈ।
ਵਰਿੰਦਰ ਕੁਮਾਰ ਡੀਜੀਪੀ ਦਫ਼ਤਰ ਨੂੰ ਰਿਪੋਰਟ ਕਰਨਗੇ
ਜਾਣਕਾਰੀ ਅਨੁਸਾਰ ਜੀ ਨਾਗੇਸ਼ਵਰ 1995 ਬੈਚ ਦੇ ਆਈਪੀਐਸ ਅਧਿਕਾਰੀ ਹਨ। ਭਾਵੇਂ ਉਹ ਵਰਿੰਦਰ ਕੁਮਾਰ ਤੋਂ ਜੂਨੀਅਰ ਹਨ। ਵਰਿੰਦਰ ਕੁਮਾਰ ਨੂੰ ਵਿਜੀਲੈਂਸ ਮੁਖੀ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ, ਅਜੇ ਤੱਕ ਕੋਈ ਨਵੀਂ ਨਿਯੁਕਤੀ ਨਹੀਂ ਦਿੱਤੀ ਗਈ ਹੈ। ਇਸ ਵੇਲੇ ਉਨ੍ਹਾਂ ਨੂੰ ਡੀਜੀਪੀ ਦਫ਼ਤਰ ਪੰਜਾਬ ਵਿੱਚ ਰਿਪੋਰਟ ਕਰਨ ਦਾ ਹੁਕਮ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ।