ਆਮ ਤੌਰ 'ਤੇ ਕੁਝ ਲੋਕ ਵੱਖ-ਵੱਖ ਭੋਜਨ ਪਦਾਰਥਾਂ ਦੇ ਪੌਸ਼ਟਿਕ ਮੁੱਲਾਂ ਬਾਰੇ ਪਤਾ ਕਰਨ ਲਈ ਗੂਗਲ 'ਤੇ ਸਰਚ ਕਰਦੇ ਹਨ। ਲੋਕ ਗੂਗਲ 'ਤੇ ਕੇਲੇ ਦੇ ਛਿਲਕਿਆਂ, ਦਹੀਂ, ਬਲੂਬੇਰੀ ਵਰਗੀਆਂ ਚੀਜ਼ਾਂ ਬਾਰੇ ਸਰਚ ਕਰਦੇ ਹਨ, ਪਰ ਮਿੱਠੇ ਆਲੂ, ਜਿਸ ਨੂੰ ਸ਼ਕਰਕੰਦੀ ਵੀ ਕਿਹਾ ਜਾਂਦਾ ਹੈ, ਦੇ ਪੌਸ਼ਟਿਕ ਤੱਤਾਂ ਬਾਰੇ ਲੋਕ ਬਹੁਤ ਘੱਟ ਜਾਣਦੇ ਹਨ। ਦੱਸ ਦਈਏ ਕਿ ਸ਼ਕਰਕੰਦੀ ਖਾਣ ਦੇ ਕਈ ਫ਼ਾਇਦੇ ਹਨ। ਤੁਹਾਨੂੰ ਸ਼ਕਰਕੰਦੀ ਨੂੰ ਆਪਣੀ ਰੋਜ਼ਾਨਾ ਖੁਰਾਕ 'ਚ ਸ਼ਾਮਿਲ ਕਰਨਾ ਚਾਹੀਦਾ ਹੈ। ਇਸ ਦੇ ਕੁਝ ਫਾਇਦੇ ਹੇਠ ਲਿਖੇ ਅਨੁਸਾਰ ਹਨ।
ਇਹ ਹਨ ਸ਼ਕਰਕੰਦੀ ਨੂੰ ਖਾਣ ਦੇ ਫਾਇਦੇ:
ਪਾਚਨ ਸੰਬੰਧੀ ਸਮੱਸਿਆਵਾਂ ਨੂੰ ਘਟਾਉਂਦਾ ਹੈ: ਮਸ਼ਹੂਰ ਆਹਾਰ ਵਿਗਿਆਨੀ ਨਤਾਲੀਓ ਰਿਜ਼ੋ ਦਾ ਕਹਿਣਾ ਹੈ ਕਿ ਇੱਕ ਸ਼ਕਰਕੰਦੀ ਵਿੱਚ 15 ਫੀਸਦੀ ਫਾਈਬਰ ਹੁੰਦਾ ਹੈ। ਇਹ ਸਾਡੀ ਅੰਤੜੀਆਂ ਦੀ ਸਿਹਤ ਲਈ ਜ਼ਰੂਰੀ ਹੁੰਦਾ ਹੈ। ਇਸ ਨੂੰ ਖਾਣ ਨਾਲ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਕਬਜ਼ ਦੀ ਸਮੱਸਿਆ ਤੋਂ ਬਚਾਅ ਰਹਿੰਦਾ ਹੈ।
ਬਲੱਡ ਸ਼ੂਗਰ ਦੀ ਸਥਿਰਤਾ: ਸ਼ਕਰਕੰਦੀ ਨੂੰ ਖਾਣ ਨਾਲ ਸਾਡੇ ਖੂਨ 'ਚ ਕੋਲੈਸਟ੍ਰਾਲ ਦਾ ਪੱਧਰ ਨਹੀਂ ਵਧਦਾ। ਇਸ ਤੋਂ ਇਲਾਵਾ ਇਹ ਮਾਨਸਿਕ ਅਤੇ ਊਰਜਾ ਦੇ ਪੱਧਰ ਨੂੰ ਸਥਿਰ ਰੱਖਣ 'ਚ ਮਦਦ ਕਰਦਾ ਹੈ। ਸ਼ਕਰਕੰਦੀ ਖਾਣ ਨਾਲ ਬਲੱਡ ਸ਼ੂਗਰ ਵੀ ਸਥਿਰ ਬਣਿਆ ਰਹਿੰਦਾ ਹੈ।
ਸੋਜ ਨੂੰ ਘੱਟ ਕਰਦਾ ਹੈ: ਸ਼ਕਰਕੰਦੀ ਵਿੱਚ ਐਂਟੀ-ਇੰਫਲੇਮੇਟਰੀ ਪਦਾਰਥ ਪਾਇਆ ਜਾਂਦਾ ਹੈ। ਇਸ ਵਿੱਚ ਮੌਜੂਦ ਐਂਟੀਆਕਸੀਡੈਂਟ, ਵਿਟਾਮਿਨ-ਸੀ, ਕੈਰੋਟੀਨੋਇਡ ਸਾਡੇ ਸਰੀਰ ਵਿੱਚ ਸੋਜ ਨੂੰ ਘੱਟ ਕਰਦੇ ਹਨ। ਇਹ ਪੁਰਾਣੀਆਂ ਬਿਮਾਰੀਆਂ ਅਤੇ ਕੈਂਸਰ ਸੈੱਲਾਂ ਦੀਆਂ ਕੁਝ ਕਿਸਮਾਂ ਤੋਂ ਵੀ ਬਚਾਉਂਦਾ ਹੈ।
ਅੱਖਾਂ ਦੀ ਰੋਸ਼ਨੀ ਲਈ ਵਧੀਆ: ਸ਼ਕਰਕੰਦੀ ਅੱਖਾਂ ਦੀ ਰੋਸ਼ਨੀ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਸ਼ਕਰਕੰਦੀ ਖਾਣ ਨਾਲ ਇਮਿਊਨ ਸਿਸਟਮ ਵਧਦਾ ਹੈ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਨੂੰ ਨਿਯਮਤ ਤੌਰ 'ਤੇ ਖਾਣਾ ਚਮੜੀ ਲਈ ਚੰਗਾ ਹੁੰਦਾ ਹੈ। ਇਹ ਝੁਰੜੀਆਂ ਨੂੰ ਰੋਕਦਾ ਹੈ।
ਮਾਨਸਿਕ ਸਿਹਤ ਨੂੰ ਸੁਧਾਰਦਾ ਹੈ: ਸ਼ਕਰਕੰਦੀ ਮਾਨਸਿਕ ਸਿਹਤ ਲਈ ਵਧੀਆ ਹੈ। ਇਹ ਵਿਟਾਮਿਨ-ਬੀ6 ਨਾਲ ਭਰਪੂਰ ਹੁੰਦਾ ਹੈ।
ਜਦੋਂ ਗੱਲ ਆਉਂਦੀ ਹੈ ਕਿ ਸ਼ਕਰਕੰਦੀ ਨੂੰ ਕਿੰਨਾ ਲੈਣਾ ਚਾਹੀਦਾ ਹੈ ਤਾਂ ਮਾਹਰ ਕਹਿੰਦੇ ਹਨ ਕਿ ਹਰ ਰੋਜ਼ ਸ਼ਕਰਕੰਦੀ ਖਾਣਾ ਸਿਹਤਮੰਦ ਹੈ। ਸ਼ਕਰਕੰਦੀ ਨੂੰ ਜ਼ਿਆਦਾ ਖਾਣ ਨਾਲ ਕੋਈ ਵੱਡੀ ਸਮੱਸਿਆ ਨਹੀਂ ਹੁੰਦੀ। ਪਰ ਡਾਇਬਟੀਜ਼ ਤੋਂ ਪੀੜਤ ਲੋਕਾਂ ਨੂੰ ਸ਼ਕਰਕੰਦੀ ਖਾਣ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਇਨ੍ਹਾਂ ਵਿੱਚ ਆਕਸੀਲੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਗੁਰਦੇ ਦੀ ਪੱਥਰੀ ਵਾਲੇ ਲੋਕਾਂ ਨੂੰ ਵੀ ਸ਼ਕਰਕੰਦੀ ਨੂੰ ਘੱਟ ਖਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ:- Global Health: ਵਿਸ਼ਵ ਸਿਹਤ ਨੂੰ ਢਾਂਚਾਗਤ ਤਬਦੀਲੀਆਂ ਦੀ ਲੋੜ, ਨਹੀਂ ਤਾਂ ਫਿਰ ਹੋਵੇਗੀ ਤਬਾਹੀ !