ਤਰਨਤਾਰਨ: ਪੰਜਾਬ ਵਿੱਚ ਪੰਜਾਬ ਸਰਕਾਰ ਵੱਲੋਂ ਬੇਸ਼ੱਕ ਕੰਨ ਕਲਚਰ ਤੇ ਗੈਂਗਸਟਰਵਾਦ ਉੱਤੇ ਲਗਾਤਾਰ ਨੱਥ ਪਾਈ ਜਾ ਰਹੀ ਹੈ। ਇਸੇ ਮੁਹਿੰਮ ਨੂੰ ਹੁਲਾਰਾ ਦਿੰਦਿਆ ਪੰਜਾਬ ਬਚਾਓ ਮੁਹਿੰਮ ਤਹਿਤ ਅੱਜ ਐਤਵਾਰ ਨੂੰ YPSS ਵਲੰਟੀਅਰਾਂ ਵੱਲੋਂ ਤਰਨਤਾਰਨ ਸ਼ਹਿਰ ਵਿੱਚ ਅਸ਼ਲੀਲਤਾ, ਗੈਂਗਸਟਰਵਾਦ ਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਵਿਰੁੱਧ ਜਨ ਚੇਤਨਾ ਮਾਰਚ ਕੱਢਿਆ ਗਿਆ।
ਵੱਖ-ਵੱਖ ਮੰਗਾਂ ਨੂੰ ਲੈ ਪ੍ਰਦਰਸ਼ਨ:- ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ YPSS ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਜਥੇਬੰਦੀ ਦਾ ਉਦੇਸ਼ ਹਿੰਸਕ, ਭੜਕਾਊ, ਲੱਚਰਤਾ ਅਤੇ ਨਸ਼ੇ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ 'ਤੇ ਰੋਕ ਲਗਾਉਣਾ ਹੈ। ਕਿਉਕਿ ਅੱਜ ਦੌੌਰ ਵਿੱਚ ਪੰਜਾਬ ਗੈਂਗਸਟਰਵਾਦ, ਗੁੰਡਾਗਰਦੀ, ਅਸ਼ਲੀਲਤਾ ਅਤੇ ਅਰਾਜਕਤਾ ਵੱਲ ਜਾ ਰਿਹਾ ਹੈ।
ਪੰਜਾਬ ਦਾ ਅਕਸ ਖ਼ਰਾਬ ਹੋ ਰਿਹਾ:- YPSS ਜਥੇਬੰਦੀ ਨੇ ਕਿਹਾ ਪੰਜਾਬ ਵਿੱਚ ਗੈਂਗਸਟਰਵਾਦ ਕਾਰਨ ਵਾਪਰ ਰਹੀਆਂ ਸ਼ਰੇਆਮ ਕਤਲ ਦੀਆਂ ਘਟਨਾਵਾਂ ਕਾਰਨ ਪੂਰੇ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਪੰਜਾਬ ਦਾ ਅਕਸ ਖ਼ਰਾਬ ਹੋ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਫਿਰੌਤੀਆਂ ਦੇ ਮਾਮਲੇ ਇੰਨ੍ਹੇ ਵੱਧ ਰਹੇ ਹਨ ਕਿ ਪੰਜਾਬ ਦੇ ਵਪਾਰੀ ਪੰਜਾਬ ਛੱਡ ਕੇ ਦੂਜੇ ਰਾਜਾਂ ਵਿੱਚ ਜਾ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਧਰਮ ਅਤੇ ਜਾਤ ਦੇ ਅਧਾਰ ’ਤੇ ਲੜਾਇਆ ਜਾ ਰਿਹਾ ਹੈ।
ਪੰਜਾਬ ਵਿੱਚ ਵੱਖਰੇ ਸੈਂਸਰ ਬੋਰਡ ਦੀ ਮੰਗ:- YPSS ਜਥੇਬੰਦੀ ਦੇ ਆਗੂਆਂ ਨੇ ਕਿਹਾ ਪੰਜਾਬ ਵਿੱਚ ਔਰਤਾਂ ਨੂੰ ਅੱਧ-ਨੰਗੇ ਮਾਡਲ ਵਜੋਂ ਦਿਖਾਇਆ ਜਾ ਰਿਹਾ ਹੈ। ਜਿਸ ਕਰਕੇ ਪੰਜਾਬ ਦੀ ਨੌਜਵਾਨੀ ਪੀੜ੍ਹੀ ਨੂੰ ਮਾਨਸਿਕ ਤੌਰ 'ਤੇ ਉਕਸਾਇਆ ਜਾ ਰਿਹਾ ਹੈ। YPSS ਜਥੇਬੰਦੀ ਨੇ ਕਿਹਾ ਪੰਜਾਬ ਵਿੱਚ ਸੈਂਸਰ ਬੋਰਡ ਨਹੀਂ ਹੈ। ਜਿਸ ਲਈ 1952 ਵਿੱਚ ਬਣੇ ਸੈਂਸਰ ਬੋਰਡ ਵਿੱਚ ਸੋਧ ਹੋਣੀ ਚਾਹੀਦੀ ਹੈ ਤਾਂ ਜੋ ਨੌਜਵਾਨ ਪੀੜ੍ਹੀ ਅਸ਼ਲੀਲਤਾਂ ਦੀ ਦਲਦਲ ਵਿੱਚ ਜਾ ਰਹੀ ਹੈ, ਉਸ ਨੂੰ ਇਸ ਦਲਦਲ ਵਿੱਚੋਂ ਕੱਢਿਆ ਜਾਵੇ। ਇਸ ਤੋਂ ਇਲਾਵਾ ਪੰਜਾਬ ਵਿੱਚ ਵੱਖਰੇ ਸੈਂਸਰ ਬੋਰਡ ਦੀ ਮੰਗ ਵੀ YPSS ਜਥੇਬੰਦੀ ਵੱਲੋਂ ਕੀਤੀ ਗਈ ਹੈ।
ਇਹ ਵੀ ਪੜੋ:- ਪੰਜਾਬ ਪੁਲਿਸ ਨੇ ਹਿਮਾਚਲ ਤੋਂ ਕੀਤਾ ਗੈਂਗਸਟਰ ਗੋਲਡੀ ਬਰਾੜ ਦਾ ਗੁਰਗਾ ਗ੍ਰਿਫਤਾਰ