ਤਰਨਤਾਰਨ: ਸਹਿਰ ਵਿੱਚ ਇੱਕ ਔਰਤ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵਾਂ ਨੇ ਆਪਣੇ ਜ਼ੁਰਮ ਨੂੰ ਛੁਪਾਉਣ ਲਈ ਮ੍ਰਿਤਕ ਦੀ ਲਾਸ਼ ਨੂੰ ਜੰਗਲ ਵਿੱਚ ਸੁੱਟ ਦਿੱਤਾ ਸੀ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਤਰਨਤਾਰਨ ਦੇ ਸ਼ਹਿਰੀ ਥਾਣਾ ਮੁੱਖੀ ਜਸਵੰਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਮ੍ਰਿਤਕ ਵਿਅਕਤੀ ਦੀ ਮਾਂ ਸ਼ਰਨਜੀਤ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਮੁੰਡਾ ਸਾਜਨਦੀਪ ਸਿੰਘ ਆਪਣੀ ਪਤਨੀ ਮਨਪ੍ਰੀਤ ਕੌਰ ਨਾਲ ਪਿਛਲੇ ਕਈ ਮਹੀਨਿਆਂ ਤੋਂ ਤਰਨਤਾਰਨ ਦੇ ਮੁਹੱਲਾ ਨਾਨਕਸਰ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ। ਸ਼ਰਨਜੀਤ ਕੌਰ ਨੇ ਦੱਸਿਆ ਕਿ ਜਦੋਂ ਵੀ ਉਹ ਆਪਣੇ ਮੁੰਡੇ ਨੂੰ ਮਿਲਣ ਲਈ ਆਉਂਦੀ ਹੈ ਤਾਂ ਉਸਦੀ ਨੂੰਹ ਉਸ ਨੂੰ ਬਹਾਨਾ ਲਗਾ ਦਿੰਦੀ ਹੈ ਕਿ ਸਾਜਨਦੀਪ ਟਰੱਕ ਉੱਤੇ ਗਿਆ ਹੋਇਆ ਹੈ। ਉਸ ਨੂੰ ਸ਼ੱਕ ਹੈ ਕਿ ਉਸ ਦੀ ਨੂੰਹ ਮਨਪ੍ਰੀਤ ਕੌਰ ਦੇ ਮਾਮੇ ਦੇ ਮੁੰਡੇ ਜਗਰੂਪ ਸਿੰਘ ਨਾਲ ਕਥਿਤ ਨਾਜਾਇਜ਼ ਸਬੰਧ ਹਨ ਤੇ ਇਨ੍ਹਾਂ ਦੋਵਾਂ ਨੇ ਉਸ ਨੂੰ ਕਿਧਰੇ ਲਾਪਤਾ ਕਰ ਦਿੱਤਾ ਹੈ।
ਥਾਣਾ ਮੁੱਖੀ ਨੇ ਦੱਸਿਆ ਕਿ ਜਦੋਂ ਸ਼ਿਕਾਇਤ ਦੇ ਅਧਾਰ ਉੱਤੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਜਗਰੂਪ ਸਿੰਘ ਤੇ ਮਨਪ੍ਰੀਤ ਕੌਰ ਦੋਵਾਂ ਨੇ ਸਾਜਨਦੀਪ ਸਿੰਘ ਨੂੰ ਜੰਗਲ ਵਿੱਚ ਲੈ ਜਾ ਕੇ ਉਸ ਦਾ ਗਲਾ ਘੁੱਟਕੇ ਮਾਰ ਦਿੱਤਾ ਤੇ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਜੰਗਲ ਵਿੱਚ ਸੁੱਟ ਦਿੱਤਾ ਸੀ। ਪੁਲਿਸ ਨੇ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।