ਤਰਨਤਾਰਨ: ਸਰਹੱਦੀ ਪਿੰਡ ਆਸਲ ਉਤਾੜ ਵਿਖੇ ਨਸ਼ੇੜੀ ਪਤੀ ਅਤੇ ਜੀਜੇ ਤੋਂ ਦੁਖੀ ਹੋ ਕੇ ਦੋ ਬੱਚਿਆਂ ਦੀ ਮਾਂ ਵਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ। ਇਸ ਸਬੰਧੀ ਥਾਣਾ ਵਲਟੋਹਾ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਮ੍ਰਿਤਕਾ ਦੀ ਮਾਤਾ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸ ਦੀਆਂ ਦੋ ਲੜਕੀਆਂ ਗੁਰਵਿੰਦਰ ਕੌਰ ਅਤੇ ਹਰਜਿੰਦਰ ਕੌਰ ਹਨ ਅਤੇ ਦੋਵੇਂ ਵਿਆਹੀਆਂ ਹੋਈਆਂ ਹਨ। ਜਦ ਕਿ ਉਸ ਦੇ ਦੋਵੇਂ ਜਵਾਈ ਨਸ਼ੇੜੀ ਹਨ ਅਤੇ ਕੋਈ ਕੰਮ ਧੰਦਾ ਨਹੀਂ ਕਰਦੇ।
ਉਨ੍ਹਾਂ ਦੱਸਿਆ ਕਿ ਉਸ ਦੇ ਛੋਟੇ ਜਵਾਈ ਤੇਜਬੀਰ ਸਿੰਘ ਵਾਸੀ ਦਿਆਲਪੁਰਾ ਨੇ ਉਸ ਦੀ ਛੋਟੀ ਲੜਕੀ ਨੂੰ ਕੁੱਟ ਮਾਰ ਕਰਕੇ ਘਰੋਂ ਕੱਢਿਆ ਹੋਇਆ ਹੈ ਜੋ ਉਸ ਦੇ ਕੋਲ ਆਪਣੇ ਪੇਕੇ ਘਰ ਰਹਿ ਰਹੀ ਹੈ। ਜਦ ਕਿ ਉਸ ਦੀ ਵੱਡੀ ਲੜਕੀ ਗੁਰਵਿੰਦਰ ਕੌਰ ਪਿੰਡ ਆਸਲ ਉਤਾੜ ਨਿਵਾਸੀ ਰਣਜੀਤ ਸਿੰਘ ਨਾਲ ਵਿਆਹੀ ਹੋਈ ਹੈ ਜਿਸ ਦੇ ਦੋ ਬੱਚੇ ਹਨ। ਉਸ ਦਾ ਜਵਾਈ ਅਕਸਰ ਉਸ ਦੀ ਲੜਕੀ ਦੀ ਕੁੱਟ ਮਾਰ ਕਰਦਾ ਰਹਿੰਦਾ ਸੀ।
ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਸ ਨੂੰ ਗੁਰਵਿੰਦਰ ਕੌਰ ਨੇ ਫੋਨ ਕਰਕੇ ਦੱਸਿਆ ਕਿ ਉਸ ਦਾ ਜੀਜਾ ਤੇਜਬੀਰ ਸਿੰਘ ਸਾਡੇ ਘਰ ਆਇਆ ਹੋਇਆ ਹੈ ਅਤੇ ਮੇਰਾ ਪਤੀ ਅਤੇ ਜੀਜਾ ਤੇਜਬੀਰ ਸਿੰਘ ਦੋਵੇਂ ਸ਼ਰਾਬ ਪੀ ਕੇ ਉਸ ਦੀ ਕੁੱਟ ਮਾਰ ਕਰ ਰਹੇ ਹਨ ਅਤੇ ਬੀਤੀ ਰਾਤ ਉਸ ਨੇ ਆਪਣੇ ਗੁਆਂਢ ਰਹਿੰਦੇ ਰਿਸ਼ਤੇਦਾਰਾਂ 'ਚ ਜਾ ਕੇ ਰਾਤ ਕੱਟੀ ਅਤੇ ਆਪਣੀ ਜਾਨ ਬਚਾਈ।
ਮ੍ਰਿਤਕ ਦੀ ਮਾਂ ਦਾ ਕਹਿਣਾ ਕਿ ਜਦੋਂ ਉਨ੍ਹਾਂ ਵਲੋਂ ਅਗਲੇ ਦਿਨ ਲੜਕੀ ਦਾ ਹਾਲ ਜਾਨਣ ਲਈ ਉਸ ਦੇ ਘਰ ਜਾ ਰਹੀ ਸੀ ਤਾਂ ਰਸਤੇ 'ਚ ਹੀ ਪਤਾ ਲੱਗਾ ਕਿ ਉਸ ਦੀ ਲੜਕੀ ਗੁਰਵਿੰਦਰ ਕੌਰ ਨੇ ਆਪਣੇ ਪਤੀ ਅਤੇ ਜੀਜੇ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਖਾ ਲਈ ਹੈ ਅਤੇ ਵਲਟੋਹਾ ਦੇ ਨਿੱਜੀ ਹਸਪਤਾਲ 'ਚ ਦਾਖਲ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਪਹੁੰਚਣ ਤੱਕ ਮੇਰੀ ਲੜਕੀ ਦੀ ਮੌਤ ਹੋ ਚੁੱਕੀ ਸੀ।
ਇਸ ਸਬੰਧੀ ਐੱਸ.ਐੱਚ.ਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਤਾ ਦੇ ਬਿਆਨ ਕਲਮਬੰਦ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ:ਪੰਜਾਬ ਯੂਨੀਵਰਸਿਟੀ ਦੇ ਹੋਸਟਲ 'ਚ ਫੌਜ ਬਣਾਏਗੀ 100 ਬੈੱਡ ਵਾਲਾ ਹਸਪਤਾਲ